ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਦਿੱਤੀ ਸ਼ਰਧਾਂਜਲੀ
Saturday, Oct 02, 2021 - 09:49 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 152ਵੀਂ ਜਯੰਤੀ ’ਤੇ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਜੀਵਨ ਅਤੇ ਆਦਰਸ਼ਨ ਦੇਸ਼ ਦੀ ਹਰ ਪੀੜ੍ਹੀ ਨੂੰ ਕਰਤੱਵ ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤਾ ਕਰਦਾ ਰਹੇਗਾ। ਮੋਦੀ ਨੇ ਟਵੀਟ ਕੀਤਾ,‘‘ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਜਨਮ ਜਯੰਤੀ ’ਤੇ ਸ਼ਰਧਾਂਜਲੀ। ਪੂਜਯ ਬਾਪੂ ਦਾ ਜੀਵਨ ਅਤੇ ਆਦਰਸ਼ ਦੇਸ਼ ਦੀ ਹਰ ਪੀੜ੍ਹੀ ਨੂੰ ਕਰਤੱਵ ਦੇ ਰਸਤੇ ਚੱਲਣ ਲਈ ਪ੍ਰੇਰਿਤ ਕਰਦਾ ਰਹੇਗਾ।’’ ਉਨ੍ਹਾਂ ਕਿਹਾ,‘‘ਗਾਂਧੀ ਜਯੰਤੀ ’ਤੇ ਮੈਂ ਬਾਪੂ ਨੂੰ ਨਮਨ ਕਰਦਾ ਹਾਂ।’’ ਬਾਅਦ ’ਚ ਪ੍ਰਧਾਨ ਮੰਤਰੀ ਰਾਜਧਾਨੀ ਦੇ ਰਾਜਘਾਟ ਸਥਿਤ ਬਾਪੂ ਦੇ ਸਮਾਧੀ ਸਥਾਨ ਵੀ ਗਏ ਅਤੇ ਉਨ੍ਹਾਂ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਬਾਪੂ ਗਾਂਧੀ ਦਾ ਜਨਮ ਗੁਜਰਾਤ ਦੇ ਪੋਰਬੰਦਰ ’ਚ 2 ਅਕਤੂਬਰ 1869 ਨੂੰ ਹੋਇਆ ਸੀ। ਉਨ੍ਹਾਂ ਦੇ ਜਨਮ ਦਿਨ ਨੂੰ ਗਾਂਧੀ ਜਯੰਤੀ ਦੇ ਨਾਲ ਹੀ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਰੂਪ ’ਚ ਵੀ ਮਨਾਇਆ ਜਾਂਦਾ ਹੈ।
ਉੱਥੇ ਹੀ ਸ਼ਨੀਵਾਰ ਨੂੰ ਪੀ.ਐੱਮ. ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ 118ਵੀਂ ਜਯੰਤੀ ’ਤੇ ਨਮਨ ਕੀਤਾ ਅਤੇ ਕਿਹਾ ਕਿ ਮੁੱਲਾਂ ਅਤੇ ਸਿਧਾਂਤਾਂ ’ਤੇ ਆਧਾਰਤ ਉਨ੍ਹਾਂ ਦਾ ਜੀਵਨ ਦੇਸ਼ ਵਾਸੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆ ਰਹੇਗਾ। ਉਨ੍ਹਾਂ ਨੇ ਇਕ ਟਵੀਟ ’ਚ ਕਿਹਾ,‘‘ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਨਮਨ। ਮੁੱਲਾਂ ਅਤੇ ਸਿਧਾਂਤਾਂ ’ਤੇ ਆਧਾਰਤ ਉਨ੍ਹਾਂ ਦਾ ਜੀਵਨ ਦੇਸ਼ ਵਾਸੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆ ਰਹੇਗਾ।’’ ਬਾਅਦ ’ਚ ਪ੍ਰਧਾਨ ਮੰਤਰੀ ਨੇ ਸ਼ਾਸਤਰੀ ਦੇ ਸਮਾਧੀ ਸਥਾਨ ਵਿਜੇ ਘਾਟ ’ਤੇ ਉਨ੍ਹਾਂ ਨੂੰ ਫੁੱਲ ਭੇਟ ਕੀਤੇ। ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ 2 ਅਕਤੂਬਰ 1904 ਨੂੰ ਉੱਤਰ ਪ੍ਰਦੇਸ਼ ਦੇ ਮੁਗਲਸਰਾਏ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇਕ ਸਕੂਲ ਅਧਿਆਪਕ ਸਨ।