ਪ੍ਰਧਾਨ ਮੰਤਰੀ ਨੇ ਮਣੀਪੁਰ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡਿਆ : ਖੜਗੇ

Tuesday, Feb 06, 2024 - 10:33 AM (IST)

ਪ੍ਰਧਾਨ ਮੰਤਰੀ ਨੇ ਮਣੀਪੁਰ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡਿਆ : ਖੜਗੇ

ਨਵੀਂ ਦਿੱਲੀ-ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਮਣੀਪੁਰ ਦੀ ਸਥਿਤੀ ਨੂੰ ਲੈ ਕੇ ਸੋਮਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ-ਪੂਰਬ ਦੇ ਇਸ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਪਿਛਲੇ ਸਾਲ ਸੰਸਦ ’ਚ ਪ੍ਰਧਾਨ ਮੰਤਰੀ ਨੇ ਮਣੀਪੁਰ ਦੇ ਲੋਕਾਂ ਨੂੰ ਜੋ ਭਰੋਸਾ ਦਿੱਤਾ ਸੀ, ਉਹ ਵੀ ਖੋਖਲਾ ਲੱਗਦਾ ਹੈ।
ਖੜਗੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ, ‘‘ਮਣੀਪੁਰ ’ਚ ਲਗਾਤਾਰ ਜਾਰੀ ਹਿੰਸਾ ਕਾਰਨ ਅਨੇਕਾਂ ਜ਼ਿੰਦਗੀਆਂ ਨੂੰ ਤਬਾਹ ਹੋਏ 9 ਮਹੀਨੇ ਹੋ ਗਏ ਹਨ ਪਰ ਪ੍ਰਧਾਨ ਮੰਤਰੀ ਕੋਲ ਸੂਬੇ ਦਾ ਦੌਰਾ ਕਰਨ ਲਈ ਇਕ ਘੰਟਾ ਵੀ ਨਹੀਂ ਹੈ। ਕਿਉਂ? ਉਨ੍ਹਾਂ ਨੇ ਆਖਰੀ ਵਾਰ ਚੋਣ ਪ੍ਰਚਾਰ ਲਈ ਫਰਵਰੀ 2022 ’ਚ ਮਣੀਪੁਰ ਦਾ ਦੌਰਾ ਕੀਤਾ ਸੀ ਅਤੇ ਹੁਣ ਉਨ੍ਹਾਂ ਨੇ ਮਣੀਪੁਰ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਹੈ।’’
ਉਨ੍ਹਾਂ ਅਨੁਸਾਰ, ਸੂਬੇ ’ਚ 4 ਮਈ 2023 ਤੋਂ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 60,000 ਲੋਕ ਬੇਘਰ ਹੋਏ ਹਨ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਲਗਭਗ 50,000 ਲੋਕ ਲੋੜੀਂਦੀਆਂ ਡਾਕਟਰੀ ਸਹੂਲਤਾਂ ਅਤੇ ਭੋਜਨ ਤੋਂ ਬਿਨਾਂ ਨਫਰਤ ਭਰੇ ਹਾਲਾਤਾਂ ’ਚ ਰਾਹਤ ਕੈਂਪਾਂ ’ਚ ਰਹਿ ਰਹੇ ਹਨ। ਲੋਕ ਪਹਿਲਾਂ ਹੀ ਸਭ ਕੁਝ ਗੁਆ ਚੁੱਕੇ ਹਨ- ਆਪਣਾ ਘਰ, ਆਪਣੀ ਰੋਜ਼ੀ-ਰੋਟੀ ਅਤੇ ਆਪਣਾ ਸਾਮਾਨ। ਉਹ ਕਿਤੇ ਨਹੀਂ ਜਾ ਸਕਦੇ। ਉਨ੍ਹਾਂ ਦਾ ਭਵਿੱਖ ਹਨੇਰੇ ’ਚ ਹੈ।’’
ਖੜਗੇ ਨੇ ਕਿਹਾ, ‘‘ਕੁਝ ਖਬਰਾਂ ਅਨੁਸਾਰ ਇਕੱਲੇ ਚੁਰਾਚਾਂਦਪੁਰ ਦੇ ਕੈਂਪਾਂ ’ਚ ਕੁਪੋਸ਼ਣ ਅਤੇ ਬੀਮਾਰੀ ਕਾਰਨ 80 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੰਫਾਲ ਦੇ ਕੈਂਪਾਂ ਦੀ ਹਾਲਤ ਵੀ ਬਿਹਤਰ ਨਹੀਂ ਹੈ। ਕੈਂਪਾਂ ’ਚ ਜੋ ਵੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਉਹ ਚੰਗੇ ਲੋਕਾਂ, ਗੈਰ ਸਰਕਾਰੀ ਸੰਗਠਨਾਂ ਦੇ ਸਮੂਹਿਕ ਯਤਨਾਂ ਨਾਲ ਆਈ ਹੈ, ਨਾ ਕਿ ਸੂਬਾ ਸਰਕਾਰ ਵੱਲੋਂ।”


author

Aarti dhillon

Content Editor

Related News