ਹਸਪਤਾਲ ਤੋਂ ਕਿਸਾਨ ਆਗੂ ਡੱਲੇਵਾਲ ਤੇ ਪੰਧੇਰ ਦੀ ਪ੍ਰੈੱਸ ਕਾਨਫਰੰਸ, ਕਿਸਾਨਾਂ ਦੀ ਮੌਤ ਨੂੰ ਲੈ ਕੇ ਕੀਤਾ ਵੱਡਾ ਐਲਾਨ
Thursday, Feb 22, 2024 - 07:03 PM (IST)
ਹਰਿਆਣਾ- ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਵਲੋਂ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਡੱਲੇਵਾਲ ਨੇ ਕਿਹਾ ਕਿ ਸਾਡੇ ਨੌਜਵਾਨ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਹੈ ਅਤੇ ਪੰਜਾਬ ਦੇ ਏਰੀਏ 'ਚ ਆ ਕੇ ਸਾਡੀ ਮਸ਼ੀਨਰੀ ਦੀ ਭੰਨ-ਤੋੜ ਕੀਤੀ ਗਈ। ਇਸ ਗੱਲ ਵਿਚ ਸਰਕਾਰ ਦੀ ਬੇਰਹਿਮੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਜੋ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਸ਼ਹੀਦਾਂ ਨੂੰ ਜੋ ਮਾਣ-ਸਨਮਾਨ ਮਿਲਦਾ ਹੈ ਉਹ ਵੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਿਆਨਾਂ ਨਾਲ ਗੱਲ ਨਹੀਂ ਬਣਨੀ, ਇਸ ਲਈ ਪੰਜਾਬ ਸਰਕਾਰ ਵਲੋਂ ਅਮਲੀ ਰੂਪ ਵਿਚ ਕੰਮ ਕਰਨਾ ਹੋਵੇਗਾ। ਉੱਥੇ ਹੀ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਬਹੁਤ ਗਮਗੀਨ ਮਾਹੌਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸ਼ਾਂਤੀਪੂਰਨ ਢੰਗ ਨਾਲ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦੇ ਰਹੀ। ਉਨ੍ਹਾਂ ਕਿਹਾ ਕਿ ਜੋ ਘਟਨਾ ਵਾਪਰੀ ਹੈ, ਉਸ ਕਾਰਨ ਲੋਕਾਂ ਦੇ ਮਨਾਂ ਵਿਚ ਗੁੱਸਾ ਹੋਰ ਵਧ ਗਿਆ ਹੈ। ਇਸ ਨੂੰ ਦੇਖਦੇ ਹੋਏ ਅਸੀਂ ਐਲਾਨ ਕਰਦੇ ਹਾਂ ਕਿ ਪੂਰੇ ਦੇਸ਼ 'ਚ ਵਿਚ ਹਰ ਘਰ 'ਚ ਕਾਲੇ ਝੰਡੇ ਲੱਗਣੇ ਚਾਹੀਦੇ ਹਨ। ਸਾਰੇ ਲੋਕ ਆਪਣੇ ਵਾਹਨਾਂ 'ਤੇ ਕਾਲੇ ਝੰਡੇ ਲਗਾਉਣ। ਇਸ ਤੋਂ ਇਲਾਵਾ ਹਰ ਗਲੀ, ਪਿੰਡ, ਮੁਹੱਲੇ ਵਿਚ ਅਰਥੀ ਫੂਕ ਮੁਜਾਹਰੇ ਸ਼ੁਰੂ ਕੀਤੇ ਜਾਣ। ਪੰਧੇਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਕੇਂਦਰ ਵਲੋਂ ਹਮਲਾ ਕੀਤਾ ਗਿਆ ਹੈ, ਉਨ੍ਹਾਂ ਵਿਰੁੱਧ ਪੰਜਾਬ ਸਰਕਾਰ 302 ਦਾ ਪਰਚਾ ਦਰਜ ਕੀਤਾ ਜਾਵੇ।
ਦੱਸ ਦੇਈਏ ਕਿ ਹੁਣ ਤੱਕ ਦਿੱਲੀ ਚਲੋ ਮਾਰਚ ਦੌਰਾਨ 4 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਵਿਚ ਗਿਆਨ ਸਿੰਘ, ਮਨਜੀਤ ਸਿੰਘ, ਨਰਿੰਦਰਪਾਲ ਸਿੰਘ ਅਤੇ ਸ਼ੁਭਕਰਨ ਸਿੰਘ ਸ਼ਾਮਲ ਹਨ। ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨੀ ਕਰਜ਼ਾ ਮੁਆਫ਼ੀ, ਪੁਲਸ 'ਚ ਦਰਜ ਕੇਸ ਵਾਪਸ ਲੈਣ, ਲਖੀਮਪੁਰੀ ਖੀਰੀ ਹਿੰਸਾ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਮੰਗ ਕਰ ਰਹੀ ਹੈ। ਭੂਮੀ ਐਕੁਵਾਇਰ ਐਕਟ 2013 ਨੂੰ ਬਹਾਲ ਕਰਨ ਅਤੇ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8