ਰਾਸ਼ਟਰਪਤੀ ਚੋਣਾਂ: ਵ੍ਹੀਲ ਚੇਅਰ ’ਤੇ ਬੈਠ ਕੇ ਵੋਟ ਪਾਉਣ ਪਹੁੰਚੇ ਮਨਮੋਹਨ ਸਿੰਘ
Monday, Jul 18, 2022 - 04:25 PM (IST)
ਨਵੀਂ ਦਿੱਲੀ– ਦੇਸ਼ ਦੇ 15ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਜਾਰੀ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੋਮਵਾਰ ਯਾਨੀ ਕਿ ਅੱਜ ਰਾਸ਼ਟਰਪਤੀ ਚੋਣਾਂ ’ਚ ਵੋਟ ਪਾਉਣ ਲਈ ਵ੍ਹੀਲ ਚੇਅਰ ’ਤੇ ਬੈਠ ਕੇ ਗਏ। ਰਾਸ਼ਟਰਪਤੀ ਚੋਣਾਂ ’ਚ ਵੋਟਾਂ ਪਾਉਣ ਲਈ ਸੰਸਦ ਮੈਂਬਰਾਂ ਲਈ ਸੰਸਦ ਭਵਨ ’ਚ ਵੋਟਿੰਗ ਕੇਂਦਰ ਬਣਾਇਆ ਗਿਆ ਹੈ। ਮਨਮੋਹਨ ਦੁਪਹਿਰ ਨੂੰ ਸੰਸਦ ਭਵਨ ਪਹੁੰਚੇ ਅਤੇ ਉੱਥੋਂ ਉਨ੍ਹਾਂ ਨੂੰ ਵ੍ਹੀਲ ਚੇਅਰ ’ਤੇ ਵੋਟਿੰਗ ਕੇਂਦਰ ਤੱਕ ਲਿਜਾਇਆ ਗਿਆ। ਉਥੇ ਪੋਲਿੰਗ ਕਰਮਚਾਰੀਆਂ ਨੇ ਬੈਲਟ ਪੇਪਰ ਨੂੰ ਬੈਲਟ ਬਾਕਸ 'ਚ ਪਾਉਣ 'ਚ ਵੀ ਉਨ੍ਹਾਂ ਦੀ ਮਦਦ ਕੀਤੀ।
89 ਸਾਲ ਮਨਮੋਹਨ ਸਿੰਘ ਪਿਛਲੇ ਸਾਲ ਕੋਵਿਡ-19 ਤੋਂ ਪੀੜਤ ਹੋਣ ਮਗਰੋਂ ਬੀਮਾਰ ਚੱਲ ਰਹੇ ਹਨ। ਉਹ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਸਿਖਰ ’ਤੇ ਹੋਣ ਦੌਰਾਨ ਵਾਇਰਸ ਦੀ ਲਪੇਟ ’ਚ ਆ ਗਏ ਸਨ। ਬੁਖ਼ਾਰ ਮਗਰੋਂ ਕਮਜ਼ੋਰੀ ਦੀ ਸ਼ਿਕਾਇਤ ਨੂੰ ਲੈ ਕੇ ਉਨ੍ਹਾਂ ਨੂੰ ਅਕਤੂਬਰ 2021 ’ਚ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਸੀ।
ਦੱਸ ਦੇਈਏ ਕਿ ਰਾਸ਼ਟਰਪਤੀ ਚੋਣ ਲਈ ਦ੍ਰੌਪਦੀ ਮੁਰਮੂ ਨੂੰ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਵਲੋਂ ਉਮੀਦਵਾਰ ਬਣਾਇਆ ਗਿਆ ਹੈ। ਯਸ਼ਵੰਤ ਸਿਨਹਾ ਨੂੰ ਵਿਰੋਧੀ ਧਿਰ ਨੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਾਇਆ ਹੈ। ਰਾਸ਼ਟਰਪਤੀ ਚੋਣ ਲਈ ਲੋਕ ਸਭਾ, ਰਾਜ ਸਭਾ ਦੇ ਸੰਸਦ ਮੈਂਬਰ ਅਤੇ ਵੱਖ-ਵੱਖ ਸੂਬਿਆਂ ਦੀ ਵਿਧਾਨ ਸਭਾਵਾਂ ਦੇ ਵਿਧਾਇਕਾਂ ਵਲੋਂ ਵੋਟ ਪਾਈ ਜਾਂਦੀ ਹੈ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ।