ਮਹਿਲਾ ਹਾਕੀ ਏਸ਼ੀਆ ਕੱਪ ਜਿੱਤਣ 'ਤੇ ਰਾਸ਼ਟਰਪਤੀ, ਮੋਦੀ ਤੇ ਇਨ੍ਹਾਂ ਹਸਤੀਆਂ ਨੇ ਦਿੱਤੀਆਂ ਵਧਾਈਆਂ

11/06/2017 5:26:20 AM

ਕਾਕਾਮਿਗਾਹਾਰਾ— ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਤਵਾਰ ਚੀਨ ਨੂੰ ਸ਼ੂਟਆਊਟ ਵਿਚ 5-4 ਨਾਲ ਹਰਾ ਕੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੀ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ, ਜਦਕਿ 2018 ਦੇ ਐੱਫ. ਆਈ. ਐੱਚ. ਵਿਸ਼ਵ ਕੱਪ ਦੀ ਟਿਕਟ ਵੀ ਹਾਸਲ ਕਰ ਲਈ। 
ਭਾਰਤ ਤੇ ਚੀਨ ਵਿਚਾਲੇ ਜ਼ਬਰਦਸਤ ਮੁਕਾਬਲੇ ਵਿਚ ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤਕ 1-1 ਨਾਲ ਬਰਾਬਰੀ 'ਤੇ ਸਨ, ਜਿਸ ਤੋਂ ਬਾਅਦ ਸ਼ੂਟਆਊਟ ਵਿਚ ਭਾਰਤ ਨੇ 5-4 ਨਾਲ ਬਾਜ਼ੀ ਮਾਰ ਲਈ। ਸ਼ੂਟਆਊਟ ਵਿਚ ਸਕੋਰ 4-4 ਨਾਲ ਬਰਾਬਰ ਰਹਿਣ ਤੋਂ ਬਾਅਦ ਰਾਣੀ ਨੇ ਸਡਨ ਡੈੱਥ 'ਚ ਭਾਰਤ ਨੂੰ ਖਿਤਾਬੀ ਜਿੱਤ ਦਿਵਾਈ। ਭਾਰਤ ਨੇ 13 ਸਾਲ ਬਾਅਦ ਜਾ ਕੇ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਭਾਰਤ ਨੇ ਇਸ ਤੋਂ ਪਹਿਲਾਂ 2004 'ਚ ਦਿੱਲੀ ਵਿਚ ਜਾਪਾਨ ਨੂੰ 1-0 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਭਾਰਤ ਇਸ ਟੂਰਨਾਮੈਂਟ 'ਚ 1999 ਤੇ 2009 'ਚ ਉਪ ਜੇਤੂ ਵੀ ਰਿਹਾ ਹੈ। 
ਭਾਰਤ ਨੇ ਗਰੁੱਪ ਗੇੜ ਵਿਚ ਵੀ ਚੀਨ ਨੂੰ 4-1 ਨਾਲ ਹਰਾਇਆ ਸੀ ਤੇ ਹੁਣ ਖਿਤਾਬੀ ਮੁਕਾਬਲੇ ਵਿਚ ਚੀਨ ਨੂੰ ਸ਼ੂਟਆਊਟ 'ਚ ਹਰਾ ਕੇ ਨਵਾਂ ਇਤਿਹਾਸ ਬਣਾ ਦਿੱਤਾ। ਭਾਰਤ ਨੇ ਇਸ ਜਿੱਤ ਦੇ ਨਾਲ ਹੀ ਚੀਨ ਤੋਂ 2009 ਦੇ ਫਾਈਨਲ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।


ਇਸ ਜਿੱਤੇ ਤੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵਿਟਰ 'ਤੇ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਮਹਿਲਾ ਹਾਕੀ ਟੀਮ ਨੂੰ ਏਸ਼ੀਆ ਕੱਪ ਜਿੱਤਣ ਲਈ ਬਹੁਤ ਸਾਰੀ ਵਧਾਈ। ਹੁਣ ਟੀਮ ਨੂੰ 2018 ਦੇ ਵਿਸ਼ਵ ਕੱਪ ਵਿਚ ਅਜਿਹੀ ਹੀ ਉਪਲੱਬਧੀ ਹਾਸਲ ਕਰਨ ਲਈ ਸ਼ੁੱਭ-ਕਾਮਨਾਵਾਂ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ 'ਤੇ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਟੀਮ ਨੂੰ ਮਹਿਲਾ ਏਸ਼ੀਆ ਕੱਪ ਜਿੱਤਣ 'ਤੇ ਵਧਾਈ। ਭਾਰਤ ਤੁਹਾਡੇ ਸ਼ਾਨਦਾਰ ਪ੍ਰਦਰਸ਼ਨ ਤੋਂ ਖੁਸ਼ ਹੈ।
ਭਾਰਤ ਦੇ ਉਪ ਰਾਸ਼ਟਰਪਤੀ ਵੈਂਆਈਆ ਨਾਇਡੂ ਟਵਿਟਰ 'ਤੇ ਵਧਾਈ ਦਿੰਦਿਆਂ ਕਿਹਾ ਕਿ ਭਾਰਤੀ ਮਹਿਲਾ ਹਾਕੀ ਟੀਮ ਨੂੰ ਚੀਨ ਨੂੰ ਹਰਾ ਕੇ 13 ਸਾਲ ਬਾਅਦ ਏਸ਼ੀਆ ਕੱਪ ਜਿੱਤਣ 'ਤੇ ਵਧਾਈ।

ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਵੀਂ ਮਹਿਲਾ ਏਸ਼ੀਆ ਹਾਕੀ ਕੱਪ ਜਿੱਤਣ 'ਤੇ ਦਿੱਤੀਆਂ ਵਧਾਈਆਂ ਹਨ।

 


Related News