ਰਾਸ਼ਟਰਪਤੀ ਕੋਵਿੰਦ ਦੀ ਯਾਤਰਾ ਨਾਲ ਆਸਟ੍ਰੇਲੀਆ-ਭਾਰਤ ਦੇ ਸੰਬੰਧਾਂ ਨੂੰ ਮਿਲੀ ਗਤੀ
Sunday, Nov 25, 2018 - 10:30 AM (IST)

ਮੈਲਬੌਰਨ/ਨਵੀਂ ਦਿੱਲੀ (ਬਿਊਰੋ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੀਤੇ ਹਫਤੇ ਦੋ ਦੇਸ਼ਾਂ ਦੀ ਯਾਤਰਾ ਕੀਤੀ। ਰਾਸ਼ਟਰਪਤੀ ਕੋਵਿੰਦ ਦੀ ਹਾਲ ਵਿਚ ਹੀ ਖਤਮ ਹੋਈ ਆਸਟ੍ਰੇਲੀਆ ਯਾਤਰਾ ਨਾਲ ਦੋਹਾਂ ਦੇਸ਼ਾਂ ਦੇ ਦੋ-ਪੱਖੀ ਸਬੰਧਾਂ ਨੂੰ ਨਵੀਂ ਊਰਜਾ ਮਿਲੀ ਹੈ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦੀ ਯਾਤਰਾ ਨਾਲ ਦੋਹਾਂ ਦੇਸ਼ਾਂ ਦਾ ਰਣਨੀਤਕ ਸਹਿਯੋਗ ਹੋਰ ਵੀ ਬਿਹਤਰ ਹੋਇਆ ਹੈ।ਇੱਥੇ ਦੱਸ ਦਈਏ ਕਿ ਦੋ ਦੋਸ਼ਾਂ ਦੀ ਯਾਤਰਾ 'ਤੇ ਨਿਕਲੇ ਕੋਵਿੰਦ ਵੀਅਤਨਾਮ ਦੀ ਯਾਤਰਾ ਦੇ ਬਾਅਦ ਬੁੱਧਵਾਰ (21 ਨਵੰਬਰ) ਨੂੰ ਆਸਟ੍ਰੇਲੀਆ ਪਹੁੰਚੇ ਸਨ।
ਕੋਵਿੰਦ ਆਸਟ੍ਰੇਲੀਆ ਦੀ ਅਧਿਕਾਰਕ ਯਾਤਰਾ ਕਰਨ ਵਾਲੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ। ਆਪਣੀ 4 ਦਿਨੀਂ ਯਾਤਰਾ ਦੌਰਾਨ ਉਨ੍ਹਾਂ ਨੇ ਆਸਟ੍ਰੇਲੀਆ ਦੇ ਫੈਡਰਲ ਤੇ ਸੂਬਾਈ ਨੇਤਾਵਾਂ ਨਾਲ-ਨਾਲ ਕਾਰੋਬਾਰੀਆਂ, ਵਿਦਿਆਰਥੀਆਂ, ਅਕਾਦਮਿਕ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ,''ਰਾਸ਼ਟਰਪਤੀ ਦੀ ਯਾਤਰਾ ਨਾਲ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿਚ ਗਤੀ ਆਈ ਹੈ। ਆਸਟ੍ਰੇਲੀਆਈ ਲੀਡਰਸ਼ਿਪ ਨੇ ਵੀ ਗਰਮਜੋਸ਼ੀ ਦਿਖਾਈ ਅਤੇ ਦੋਹਾਂ ਦੇਸ਼ਾਂ ਦੇ ਮਜ਼ਬੂਤ ਹੁੰਦੇ ਸੰਬੰਧਾਂ ਦੀ ਪ੍ਰਸ਼ੰਸਾ ਕੀਤੀ।''
ਇੱਥੇ ਦੱਸਣ ਯੋਗ ਹੈ ਕਿ ਭਾਰਤ ਵੱਲੋਂ ਅਪਨਾਏ ਗਏ ਉਦਾਰਵਾਦ ਦੇ ਬਾਅਦ ਦੋਹਾਂ ਦੇਸ਼ਾਂ ਦੇ ਆਰਥਿਕ ਰਿਸ਼ਤੇ ਮਜ਼ਬੂਤ ਹੋਏ ਹਨ। ਦੋਹਾਂ ਦੇਸ਼ਾਂ ਦੇ ਦੋ-ਪੱਖੀ ਵਪਾਰ ਵਿਚ ਵੀ ਵਾਧਾ ਹੋਇਆ ਹੈ। ਜਿੱਥੇ ਸਾਲ 2003-04 ਵਿਚਕਾਰ ਦੋਹਾਂ ਦੇਸ਼ਾਂ ਵਿਚ 6.54 ਅਰਬ ਆਸਟ੍ਰੇਲੀਆ ਡਾਲਰ (ਕਰੀਬ 33 ਹਜ਼ਾਰ ਕਰੋੜ ਰੁਪਏ) ਦਾ ਵਪਾਰ ਹੋਇਆ ਸੀ ਉੱਥੇ ਸਾਲ 2015-16 ਵਿਚ ਇਹ 19.29 ਡਾਲਰ (ਕਰੀਬ 898 ਹਜ਼ਾਰ ਕਰੋੜ ਰੁਪਏ) 'ਤੇ ਪਹੁੰਚ ਗਿਆ।