ਰਾਸ਼ਟਰਪਤੀ ਚੋਣ: ਵਿਰੋਧ ਧਿਰ ਇਕਜੁੱਟ ਨਹੀਂ, ਮਮਤਾ ਵਲੋਂ ਸੱਦੀ ਬੈਠਕ ’ਚ 18 ਪਾਰਟੀ ਨੇਤਾ ਆਏ

06/16/2022 10:56:54 AM

ਨਵੀਂ ਦਿੱਲੀ– ਦੇਸ਼ ’ਚ ਰਾਸ਼ਟਰਪਤੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਇਸ ਨੂੰ ਲੈ ਕੇ  ਬੀਤੇ ਦਿਨੀਂ ਕੇਂਦਰੀ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਦੇਸ਼ ਦਾ ਸਿਆਸੀ ਪਾਰਾ ਗਰਮਾਇਆ ਹੋਇਆ ਹੈ। ਇਸੇ ਤਹਿਤ ਬੁੱਧਵਾਰ ਦਾ ਦਿਨ ਬੇਹੱਦ ਹੀ ਅਹਿਮ ਰਿਹਾ ਹੈ। ਜਿਸ ਦੇ ਤਹਿਤ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਾਰੇ ਪ੍ਰਮੁੱਖ ਵਿਰੋਧੀ ਦਲ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦੀ ਬੈਠਕ ’ਚ ਆਏ। ਬੈਨਰਜੀ ਨੇ ਸਾਰੇ ਵਿਰੋਧੀ ਦਲਾਂ ਦੇ ਮੁਖੀਆਂ ਨੂੰ ਬੈਠਕ ’ਚ ਸੱਦਾ ਦਿੱਤਾ ਸੀ। 

ਹਾਲਾਂਕਿ ਰਾਸ਼ਟਰਪਤੀ ਚੋਣ ’ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਵਿਰੁੱਧ ਇਕ ਸਾਂਝਾ ਉਮੀਦਵਾਰ ਉਤਾਰਨ ’ਤੇ ਆਮ ਸਹਿਮਤੀ ਬਣਾਉਣ ਲਈ ਮਮਤਾ ਬੈਨਰਜੀ ਵੱਲੋਂ ਸੱਦੀ ਵਿਰੋਧੀ ਪਾਰਟੀਆਂ ਦੀ ਅਹਿਮ ਬੈਠਕ ’ਚ ਇਕਜੁੱਟਤਾ ਦਿਖਾਈ ਨਹੀਂ ਦਿੱਤੀ। ਬੈਠਕ ’ਚ ਘੱਟੋ-ਘੱਟ 18 ਸਿਆਸੀ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ ਪਰ ਆਮ ਆਦਮੀ ਪਾਰਟੀ (ਆਪ), ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਅਤੇ ਬੀਜੂ ਜਨਤਾ ਦਲ (ਬੀਜਦ) ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਦੂਰੀ ਬਣਾਈ। 

ਰਾਸ਼ਟਰੀ ਰਾਜਧਾਨੀ ਦੇ ਕਾਂਸਟੀਚਿਉਸ਼ਨ ਕਲੱਬ ’ਚ ਹੋਈ ਬੈਠਕ ’ਚ ਕਾਂਗਰਸ, ਸਮਾਜਵਾਦੀ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਕਾਂਪਾ), ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.), ਰਾਸ਼ਟਰੀ ਜਨਤਾ ਦਲ (ਰਾਜਦ) ਅਤੇ ਖੱਬੇਪੱਖੀ ਪਾਰਟੀਆਂ ਦੇ ਨੇਤਾ ਬੈਠਕ ’ਚ ਸ਼ਰੀਕ ਹੋਏ ਜਦਕਿ ਸ਼ਿਵ ਸੈਨਾ, ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ), ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ), ਭਾਕਪਾ-ਐੱਮ. ਐੱਲ., ਨੈਸ਼ਨਲ ਕਾਨਫਰੈਂਸ (ਨੈਕਾ), ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.), ਜਦ (ਸੈ.), ਆਰ. ਐੱਸ. ਪੀ., ਆਈ. ਯੂ. ਏ. ਐੱਮ. ਐੱਲ., ਰਾਸ਼ਟਰੀ ਲੋਕ ਦਲ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਵੀ ਬੈਠਕ ’ਚ ਸ਼ਾਮਲ ਹੋਏ। ਚੋਣਾਂ 18 ਜੁਲਾਈ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ।

ਪਵਾਰ ਨੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਤੋਂ ਕੀਤਾ ਇਨਕਾਰ
ਰਕਾਂਪਾ ਪ੍ਰਧਾਨ ਸ਼ਰਦ ਪਵਾਰ ਨੂੰ ਸਾਂਝੀ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੀ ਅਪੀਲ ਕੀਤੀ ਗਈ ਪਰ ਉਨ੍ਹਾਂ ਨੇ ਇਕ ਵਾਰ ਫਿਰ ਇਸ ਮਤੇ ਨੂੰ ਠੁਕਰਾ ਦਿੱਤਾ। ਬੈਠਕ ਤੋਂ ਬਾਅਦ ਡੀ. ਐੱਮ.ਕੇ. ਨੇਤਾ ਟੀ. ਆਰ. ਬਾਲੂ ਨੇ ਦੱਸਿਆ ਕਿ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਸ਼ਰਦ ਪਵਾਰ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਣ ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਨੇਤਾਵਾਂ ਨੇ ਅਪੀਲ ਕੀਤੀ ਕਿ ਕਾਂਗਰਸ ਨੇਤਾ ਮਲਿਕਾਅਰਜੁਨ ਖੜਗੇ, ਪਵਾਰ ਅਤੇ ਬੈਨਰਜੀ ਨੂੰ ਸਾਰੀਆਂ ਗੈਰ-ਭਾਜਪਾ ਪਾਰਟੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂਕਿ ਸਾਂਝੀ ਵਿਰੋਧੀ ਧਿਰ ਵੱਲੋਂ ਕਿਸੇ ਉਮੀਦਵਾਰ ਦੇ ਨਾਂ ’ਤੇ ਚਰਚਾ ਕਰ ਕੇ ਸਹਿਮਤੀ ਬਣਾਈ ਜਾ ਸਕੇ। ਬੈਨਰਜੀ ਨੇ ਬਾਅਦ ’ਚ ਵਿਰੋਧੀ ਧਿਰ ਦੇ ਸੰਭਾਵੀ ਉਮੀਦਵਾਰ ਦੇ ਰੂਪ ’ਚ ਸੀਨੀਅਰ ਨੇਤਾ ਫਾਰੂਕ ਅਬਦੁਲਾ ਅਤੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲ ਕ੍ਰਿਸ਼ਨ ਗਾਂਧੀ ਦੇ ਨਾਂਵਾਂ ਦਾ ਵੀ ਸੁਝਾਅ ਦਿੱਤਾ।

 


Tanu

Content Editor

Related News