ਸਿਆਚਿਨ ਦੌਰੇ ''ਤੇ ਰਾਸ਼ਟਰਪਤੀ ਮੁਰਮੂ, ਫ਼ੌਜ ਦੀ ਬਹਾਦਰੀ ਨੂੰ ਕੀਤਾ ਸਲਾਮ
Thursday, Sep 26, 2024 - 05:26 PM (IST)
ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀਰਵਾਰ ਨੂੰ ਸਿਆਚਿਨ ਬੇਸ ਕੈਂਪ ਦਾ ਦੌਰਾ ਕੀਤਾ ਅਤੇ ਸਿਆਚਿਨ ਯੁੱਧ ਸਮਾਰਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਸਮਾਰਕ 13 ਅਪ੍ਰੈਲ 1984 ਨੂੰ ਸ਼ੁਰੂ ਹੋਏ 'ਆਪ੍ਰੇਸ਼ਨ ਮੇਘਦੂਤ' ਤੋਂ ਬਾਅਦ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਦੀ ਕੁਰਬਾਨੀ ਦਾ ਪ੍ਰਤੀਕ ਹੈ। ਮੁਰਮੂ ਨੇ ਉੱਥੇ ਤਾਇਨਾਤ ਫ਼ੌਜੀਆਂ ਨੂੰ ਵੀ ਸੰਬੋਧਿਤ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਹਥਿਆਰਬੰਦ ਫ਼ੌਜੀਆਂ ਦੇ ਸੁਪਰੀਮ ਕਮਾਂਡਰ ਹੋਣ ਦੇ ਨਾਅਤੇ ਉਨ੍ਹਾਂ ਨੂੰ ਉਨ੍ਹਾਂ 'ਤੇ ਮਾਣ ਹੈ ਅਤੇ ਸਾਰੇ ਨਾਗਰਿਕ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕਰਦੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਅਪ੍ਰੈਲ 1984 ਵਿਚ 'ਆਪ੍ਰੇਸ਼ਨ ਮੇਘਦੂਤ' ਦੀ ਸ਼ੁਰੂਆਤ ਤੋਂ ਬਾਅਦ ਭਾਰਤੀ ਹਥਿਆਰਬੰਦ ਬਲਾਂ ਦੇ ਬਹਾਦਰ ਫ਼ੌਜੀਆਂ ਅਤੇ ਅਧਿਕਾਰੀਆਂ ਨੇ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਨੂੰ ਭਿਆਨਕ ਮੌਸਮ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਾਰੀ ਬਰਫ਼ਬਾਰੀ ਅਤੇ ਮਾਈਨਸ 50 ਡਿਗਰੀ ਤਾਪਮਾਨ ਵਰਗੇ ਔਖੇ ਹਾਲਤਾਂ ਵਿਚ ਵੀ ਉਹ ਪੂਰੀ ਤਨਦੇਹੀ ਅਤੇ ਚੌਕਸੀ ਨਾਲ ਆਪਣੇ ਮੋਰਚੇ 'ਤੇ ਤਾਇਨਾਤ ਰਹਿੰਦੇ ਹਨ। ਉਨ੍ਹਾਂ ਨੇ ਮਾਤ ਭੂਮੀ ਦੀ ਰੱਖਿਆ ਲਈ ਕੁਰਬਾਨੀ ਅਤੇ ਸਹਿਣਸ਼ੀਲਤਾ ਦੀ ਇਕ ਅਨੋਖੀ ਮਿਸਾਲ ਕਾਇਮ ਕੀਤੀ। ਮੁਰਮੂ ਨੇ ਕਿਹਾ ਕਿ ਸਾਰੇ ਭਾਰਤੀ ਉਨ੍ਹਾਂ ਦੀ ਕੁਰਬਾਨੀ ਅਤੇ ਬਹਾਦਰੀ ਤੋਂ ਜਾਣੂ ਹਨ ਅਤੇ ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ।