ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਹੋਇਆ ਸਫ਼ਲ ਆਪਰੇਸ਼ਨ, ਮੋਤੀਆਬਿੰਦ ਦੀ ਸੀ ਸ਼ਿਕਾਇਤ
Sunday, Oct 16, 2022 - 03:27 PM (IST)
ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਅੱਖ ਦਾ ਆਪਰੇਸ਼ਨ ਸਫ਼ਲ ਰਿਹਾ। ਉਨ੍ਹਾਂ ਨੂੰ ਮੋਤੀਆਬਿੰਦ ਦੀ ਸ਼ਿਕਾਇਤ ਸੀ। ਆਪਰੇਸ਼ਨ ਮਗਰੋਂ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿੱਤੀ ਹੈ। ਰਾਸ਼ਟਰਪਤੀ ਮੁਰਮੂ ਦੇ ਮੋਤੀਆਬਿੰਦ ਦਾ ਸਫ਼ਲ ਆਪਰੇਸ਼ਨ ਐਤਵਾਰ ਨੂੰ ਇੱਥੇ ਫ਼ੌਜ ਦੇ ਰਿਸਰਚ ਐਂਡ ਰੈਫਰਲ ਹਸਪਤਾਲ ’ਚ ਹੋਇਆ। ਰਾਸ਼ਟਰਪਤੀ ਭਵਨ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਇਕ ਬਿਆਨ ’ਚ ਕਿਹਾ ਕਿ ਆਪਰੇਸ਼ਨ ਸਫ਼ਲ ਰਿਹਾ ਅਤੇ ਉਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ।
ਓਧਰ ਫ਼ੌਜ ਹਸਪਤਾਲ ਵਲੋਂ ਦੱਸਿਆ ਗਿਆ ਕਿ ਰਾਸ਼ਟਰਪਤੀ ਨੂੰ ਸਵੇਰੇ 11.30 ਵਜੇ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਸੀ। ਉਨ੍ਹਾਂ ਦੀ ਖੱਬੀ ਅੱਖ ’ਚ ਮੋਤੀਆਬਿੰਦ ਦੀ ਸ਼ਿਕਾਇਤ ਸੀ। ਸਰਜਰੀ ਕਰ ਕੇ ਉਸ ਨੂੰ ਠੀਕ ਕਰ ਦਿੱਤਾ ਗਿਆ ਹੈ। ਸਰਜਰੀ ਬ੍ਰਿਗੇਡੀਅਰ ਐੱਸ. ਕੇ. ਮਿਸ਼ਰਾ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਗਈ। ਇਸ ਤੋਂ ਬਾਅਦ ਦੁਪਹਿਰ 1.30 ਵਜੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਫ਼ੌਜ ਹਸਪਤਾਲ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਦੱਸ ਦੇਈਏ ਕਿ 64 ਸਾਲਾ ਮੁਰਮੂ ਨੇ 25 ਜੁਲਾਈ 2022 ਨੂੰ ਭਾਰਤ ਦੀ 15ਵੀਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।