ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਡੁਰੰਡ ਕੱਪ ਟੂਰਨਾਮੈਂਟ ਦੀਆਂ ਤਿੰਨ ਟਰਾਫੀਆਂ ਦਾ ਉਦਘਾਟਨ ਕੀਤਾ
Wednesday, Jul 10, 2024 - 09:21 PM (IST)
ਜੈਤੋ, (ਰਘੁਨੰਦਨ ਪਰਾਸ਼ਰ) : ਰਾਸ਼ਟਰਪਤੀ ਸਕੱਤਰੇਤ ਨੇ ਬੁੱਧਵਾਰ ਨੂੰ ਕਿਹਾ ਕਿ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਹੋਏ ਸਮਾਗਮ ਦੌਰਾਨ ਡੁਰਾਂਡ ਕੱਪ ਟੂਰਨਾਮੈਂਟ 2024 ਦੀਆਂ ਤਿੰਨ ਟਰਾਫੀਆਂ ਦਾ ਉਦਘਾਟਨ ਕੀਤਾ। ਇਨ੍ਹਾਂ ਟਰਾਫੀਆਂ ਵਿੱਚ ਡੁਰੰਡ ਕੱਪ, ਪ੍ਰੈਜ਼ੀਡੈਂਟ ਕੱਪ ਅਤੇ ਸ਼ਿਮਲਾ ਟਰਾਫੀ ਸ਼ਾਮਲ ਹਨ। ਇਸ ਮੌਕੇ ਸੰਬਧੋਨ ਕਰਦੇ ਰਾਸ਼ਟਰਪਤੀ ਨੇ ਕਿਹਾ ਕਿ ਫੁੱਟਬਾਲ ਦੁਨੀਆ ਦੇ ਸਭ ਤੋਂ ਜ਼ਿਆਦਾ ਲੋਕਪ੍ਰਿਯ ਖੇਡਾਂ 'ਚੋਂ ਇਕ ਹੈ। ਜਦੋਂ ਪੇਸ਼ੇਵਰ ਫੁੱਟਬਾਲ ਖਿਡਾਰੀ ਹਜ਼ਾਰਾਂ ਪ੍ਰਸ਼ੰਸਕਾਂ ਦੇ ਸਾਹਮਣੇ ਖੇਡਦੇ ਹਨ, ਤਾਂ ਖਿਡਾਰੀਆਂ ਅਤੇ ਦਰਸ਼ਕਾਂ ਦਾ ਉਤਸ਼ਾਹ ਕਈ ਗੁਣਾ ਵੱਧ ਜਾਂਦਾ ਹੈ।
ਰਾਸ਼ਟਰਪਤੀ ਨੇ ਡੁਰੰਡ ਕੱਪ ਟੂਰਨਾਮੈਂਟ 2024 ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਉਹ ਜਿੱਤਣ ਜਾਂ ਹਾਰਨ, ਖੇਡ ਵਿੱਚ ਸਿਹਤਮੰਦ ਮੁਕਾਬਲਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦੂਜੀਆਂ ਟੀਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਖੇਡ ਵਿੱਚ ਜੋਸ਼ ਅਤੇ ਜਨੂੰਨ ਆ ਜਾਂਦਾ ਹੈ ਪਰ ਖਿਡਾਰੀਆਂ ਨੂੰ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਖੇਡ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਾਰੇ ਖਿਡਾਰੀ ਦ੍ਰਿੜ ਇਰਾਦੇ ਅਤੇ ਖੇਡ ਭਾਵਨਾ ਨਾਲ ਪ੍ਰਦਰਸ਼ਨ ਕਰਨਗੇ। ਰਾਸ਼ਟਰਪਤੀ ਨੇ ਸਾਰੇ ਫੁੱਟਬਾਲ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਵਿੱਚ ਫੁੱਟਬਾਲ ਦਾ ਪੱਧਰ ਉੱਚਾ ਚੁੱਕਣ ਲਈ ਯਤਨ ਕਰਨ।