'77ਵੇਂ ਸੁਤੰਤਰਤਾ ਦਿਵਸ ਨੂੰ ਲੈ ਕੇ ਦੇਸ਼ 'ਚ ਉਤਸ਼ਾਹ' ਦਾ ਮਾਹੌਲ, ਸੰਬੋਧਨ 'ਚ ਬੋਲੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ

Tuesday, Aug 15, 2023 - 04:49 AM (IST)

'77ਵੇਂ ਸੁਤੰਤਰਤਾ ਦਿਵਸ ਨੂੰ ਲੈ ਕੇ ਦੇਸ਼ 'ਚ ਉਤਸ਼ਾਹ' ਦਾ ਮਾਹੌਲ, ਸੰਬੋਧਨ 'ਚ ਬੋਲੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ

ਨੈਸ਼ਨਲ ਡੈਸਕ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 77ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਸੁਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਆਜ਼ਾਦੀ ਦਿਵਸ ਨੂੰ ਲੈ ਕੇ ਪੂਰੇ ਦੇਸ਼ 'ਚ ਉਤਸ਼ਾਹ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਸਾਡੇ ਸਾਰਿਆਂ ਲਈ ਮਾਣ ਵਾਲਾ ਅਤੇ ਪਵਿੱਤਰ ਹੈ। ਚਾਰੇ ਪਾਸੇ ਤਿਉਹਾਰ ਦਾ ਮਾਹੌਲ ਦੇਖ ਕੇ ਮੈਂ ਬਹੁਤ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਸੁਤੰਤਰਤਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਸਿਰਫ਼ ਵਿਅਕਤੀ ਨਹੀਂ ਹਾਂ, ਸਗੋਂ ਅਸੀਂ ਇਕ ਮਹਾਨ ਭਾਈਚਾਰੇ ਦਾ ਹਿੱਸਾ ਹਾਂ, ਜੋ ਆਪਣੀ ਕਿਸਮ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਜੀਵੰਤ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਗਰਿਕਾਂ ਦਾ ਭਾਈਚਾਰਾ ਹੈ।

ਇਹ ਵੀ ਪੜ੍ਹੋ : ਰਿੰਦਾ ਤੇ ਗੋਲਡੀ ਬਰਾੜ ਵੱਲੋਂ ਚਲਾਏ ਜਾ ਰਹੇ ਇਕ ਹੋਰ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਹਥਿਆਰਾਂ ਸਣੇ 5 ਕਾਬੂ

ਉਨ੍ਹਾਂ ਕਿਹਾ ਕਿ ਜਾਤ, ਨਸਲ, ਭਾਸ਼ਾ ਅਤੇ ਖੇਤਰ ਤੋਂ ਇਲਾਵਾ ਸਾਡੇ ਪਰਿਵਾਰ ਅਤੇ ਕਾਰਜ ਖੇਤਰ ਨਾਲ ਵੀ ਸਾਡੀ ਇਕ ਪਛਾਣ ਜੁੜੀ ਹੋਈ ਹੈ ਪਰ ਸਾਡੀ ਇਕ ਪਛਾਣ ਹੈ ਜੋ ਸਭ ਤੋਂ ਉੱਪਰ ਹੈ ਅਤੇ ਸਾਡੀ ਉਹ ਪਛਾਣ ਹੈ ਭਾਰਤ ਦਾ ਨਾਗਰਿਕ ਹੋਣਾ। ਅਸੀਂ ਸਾਰੇ ਬਰਾਬਰ, ਇਸ ਮਹਾਨ ਦੇਸ਼ ਦੇ ਨਾਗਰਿਕ ਹਾਂ। ਸਾਡੇ ਸਾਰਿਆਂ ਦੇ ਬਰਾਬਰ ਮੌਕੇ ਅਤੇ ਅਧਿਕਾਰ ਹਨ ਅਤੇ ਸਾਡੇ ਫਰਜ਼ ਵੀ ਬਰਾਬਰ ਹਨ। ਉਨ੍ਹਾਂ ਕਿਹਾ ਕਿ ਗਾਂਧੀ ਜੀ ਅਤੇ ਹੋਰ ਮਹਾਨ ਨਾਇਕਾਂ ਨੇ ਭਾਰਤ ਦੀ ਆਤਮਾ ਨੂੰ ਮੁੜ ਜਗਾਇਆ ਅਤੇ ਸਾਡੀ ਮਹਾਨ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਨੂੰ ਜਨਤਾ ਤੱਕ ਪਹੁੰਚਾਇਆ।

ਇਹ ਵੀ ਪੜ੍ਹੋ : ਪਾਕਿ ਤੋਂ ਆਈ ਭਾਰਤੀ ‘ਨੂੰਹ’ ਸੀਮਾ ਹੈਦਰ ਨੇ ਪਤੀ ਸਚਿਨ ਤੇ ਪਰਿਵਾਰ ਨਾਲ ਲਹਿਰਾਇਆ ਤਿਰੰਗਾ

ਰਾਸ਼ਟਰਪਤੀ ਨੇ ਕਿਹਾ ਕਿ ਸਰੋਜਨੀ ਨਾਇਡੂ, ਅੰਮੂ ਸਵਾਮੀਨਾਥਨ, ਰਮਾ ਦੇਵੀ, ਅਰੁਣਾ ਆਸਫ ਅਲੀ ਅਤੇ ਸੁਚੇਤਾ ਕ੍ਰਿਪਲਾਨੀ ਵਰਗੀਆਂ ਕਈ ਮਹਿਲਾ ਸ਼ਖਸੀਅਤਾਂ ਨੇ ਆਪਣੇ ਤੋਂ ਬਾਅਦ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਦੀਆਂ ਔਰਤਾਂ ਲਈ ਆਤਮ-ਵਿਸ਼ਵਾਸ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਨਾਦਾਇਕ ਆਦਰਸ਼ ਸਥਾਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਔਰਤਾਂ ਦੇਸ਼ ਦੇ ਵਿਕਾਸ ਅਤੇ ਸੇਵਾ ਦੇ ਹਰ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ ਅਤੇ ਦੇਸ਼ ਦਾ ਮਾਣ ਵਧਾ ਰਹੀਆਂ ਹਨ। ਅੱਜ ਸਾਡੀਆਂ ਔਰਤਾਂ ਨੇ ਕਈ ਅਜਿਹੇ ਖੇਤਰਾਂ ਵਿੱਚ ਇਕ ਵਿਸ਼ੇਸ਼ ਸਥਾਨ ਬਣਾ ਲਿਆ ਹੈ, ਜਿਸ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੀ ਕੁਝ ਦਹਾਕੇ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਰਾਸ਼ਟਰਪਤੀ ਨੇ ਕਿਹਾ ਕਿ ਮੈਂ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਮਹਿਲਾ ਸਸ਼ਕਤੀਕਰਨ ਨੂੰ ਪਹਿਲ ਦੇਣ। ਮੈਂ ਚਾਹਾਂਗੀ ਕਿ ਸਾਡੀਆਂ ਭੈਣਾਂ ਅਤੇ ਧੀਆਂ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਹਿੰਮਤ ਨਾਲ ਸਾਹਮਣਾ ਕਰਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ।

ਮੁਰਮੂ ਨੇ ਕਿਹਾ ਕਿ ਕਿਉਂਕਿ ਜੀ-20 ਸਮੂਹ ਵਿਸ਼ਵ ਦੀ ਦੋ-ਤਿਹਾਈ ਆਬਾਦੀ ਦੀ ਨੁਮਾਇੰਦਗੀ ਕਰਦਾ ਹੈ, ਇਸ ਲਈ ਇਹ ਸਾਡੇ ਲਈ ਸਹੀ ਦਿਸ਼ਾ ਵਿੱਚ ਗਲੋਬਲ ਤਰਜੀਹਾਂ ਤੈਅ ਕਰਨ ਦਾ ਇਕ ਵਿਲੱਖਣ ਮੌਕਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਿਆ ਹੈ ਅਤੇ ਪ੍ਰਭਾਵਸ਼ਾਲੀ ਜੀਡੀਪੀ ਵਾਧਾ ਦਰਜ ਕੀਤਾ ਹੈ। ਭਾਰਤ ਦੀ ਅਰਥਵਿਵਸਥਾ ਨਾ ਸਿਰਫ਼ ਔਖੇ ਸਮਿਆਂ ਵਿੱਚ ਸਮਰੱਥ ਸਾਬਤ ਹੋਈ ਹੈ ਸਗੋਂ ਦੂਜਿਆਂ ਲਈ ਵੀ ਉਮੀਦ ਦਾ ਸਰੋਤ ਬਣ ਗਈ ਹੈ।

ਇਹ ਵੀ ਪੜ੍ਹੋ : ਅਨੋਖੀ ਘਟਨਾ: ਔਰਤ ਨੇ ਟਾਇਲਟ ਦੇ ਕਮੋਡ 'ਚ ਫਸਿਆ ਦੇਖਿਆ 'ਕਾਲਾ ਸੱਪ', ਉੱਡ ਗਏ ਹੋਸ਼

ਰਾਸ਼ਟਰਪਤੀ ਨੇ ਕਿਹਾ ਕਿ ਗਰੀਬਾਂ ਨੂੰ ਪਹਿਲ ਦੇਣਾ ਸਾਡੀਆਂ ਨੀਤੀਆਂ ਅਤੇ ਕੰਮਾਂ ਦਾ ਕੇਂਦਰ ਹੈ। ਨਤੀਜੇ ਵਜੋਂ ਪਿਛਲੇ ਦਹਾਕੇ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੀਆਂ ਪ੍ਰੰਪਰਾਵਾਂ ਨੂੰ ਨਿਖਾਰਦੇ ਹੋਏ ਆਧੁਨਿਕਤਾ ਨੂੰ ਅਪਣਾਓ। ਲੋੜਵੰਦਾਂ ਦੀ ਮਦਦ ਲਈ ਵੱਖ-ਵੱਖ ਖੇਤਰਾਂ ਵਿੱਚ ਪਹਿਲਕਦਮੀਆਂ ਕੀਤੀਆਂ ਗਈਆਂ ਹਨ ਅਤੇ ਵੱਡੀ ਪੱਧਰ 'ਤੇ ਭਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ।

ਮੁਰਮੂ ਨੇ ਕਿਹਾ ਕਿ ਇਕ ਅਧਿਆਪਕ ਹੋਣ ਦੇ ਨਾਤੇ ਮੈਂ ਸਮਝਿਆ ਹੈ ਕਿ ਸਿੱਖਿਆ ਸਮਾਜਿਕ ਸਸ਼ਕਤੀਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਉਨ੍ਹਾਂ ਕਿਹਾ ਕਿ ਚੰਦਰਮਾ ਲਈ ਮਿਸ਼ਨ ਪੁਲਾੜ ਵਿੱਚ ਸਾਡੇ ਭਵਿੱਖ ਦੇ ਪ੍ਰੋਗਰਾਮਾਂ ਲਈ ਸਿਰਫ਼ ਇਕ ਕਦਮ ਹੈ। ਸਾਨੂੰ ਇਕ ਲੰਮਾ ਸਫ਼ਰ ਤੈਅ ਕਰਨਾ ਹੈ। ਖੋਜ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੁਆਰਾ ਅਗਲੇ 5 ਸਾਲਾਂ ਵਿੱਚ 50,000 ਕਰੋੜ ਰੁਪਏ ਦੀ ਰਾਸ਼ੀ ਨਾਲ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਹ ਫਾਊਂਡੇਸ਼ਨ ਸਾਡੇ ਕਾਲਜਾਂ, ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਵਿੱਚ ਖੋਜ ਅਤੇ ਵਿਕਾਸ ਨੂੰ ਆਧਾਰ ਪ੍ਰਦਾਨ ਕਰੇਗੀ, ਵਿਕਾਸ ਕਰੇਗੀ ਅਤੇ ਅੱਗੇ ਲੈ ਜਾਵੇਗੀ।

ਇਹ ਵੀ ਪੜ੍ਹੋ : CM ਮਾਨ ਦੇ ਯਤਨਾਂ ਨੂੰ ਪਿਆ ਬੂਰ; ਮਲੇਸ਼ੀਆ 'ਚ ਫਸੀ ਲੜਕੀ ਦੀ ਵਤਨ ਵਾਪਸੀ ਦਾ ਰਾਹ ਹੋਇਆ ਪੱਧਰਾ

ਰਾਸ਼ਟਰਪਤੀ ਨੇ ਕਿਹਾ ਕਿ ਲਾਲਚ ਦਾ ਸੱਭਿਆਚਾਰ ਸੰਸਾਰ ਨੂੰ ਕੁਦਰਤ ਤੋਂ ਦੂਰ ਕਰ ਦਿੰਦਾ ਹੈ ਅਤੇ ਅਸੀਂ ਹੁਣ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਆਪਣੀਆਂ ਜੜ੍ਹਾਂ ਵੱਲ ਪਰਤਣਾ ਚਾਹੀਦਾ ਹੈ। ਕਬਾਇਲੀ ਭਾਈਚਾਰਿਆਂ ਦੇ ਸਦੀਆਂ ਤੋਂ ਬਚਣ ਦਾ ਰਾਜ਼ ਸਿਰਫ਼ ਇਕ ਸ਼ਬਦ ਵਿੱਚ ਬਿਆਨ ਕੀਤਾ ਜਾ ਸਕਦਾ ਹੈ, ਉਹ ਸ਼ਬਦ ਹੈ: ਹਮਦਰਦੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News