ਘਰ ਤੋਂ ਹਸਪਤਾਲ ਜਾਣ-ਆਉਣ ਲਈ 7 ਕਿਲੋਮੀਟਰ ਪੈਦਲ ਤੁਰੀ ਗਰਭਵਤੀ ਔਰਤ, ਲੂ ਲੱਗਣ ਨਾਲ ਹੋਈ ਮੌਤ

Monday, May 15, 2023 - 05:12 PM (IST)

ਘਰ ਤੋਂ ਹਸਪਤਾਲ ਜਾਣ-ਆਉਣ ਲਈ 7 ਕਿਲੋਮੀਟਰ ਪੈਦਲ ਤੁਰੀ ਗਰਭਵਤੀ ਔਰਤ, ਲੂ ਲੱਗਣ ਨਾਲ ਹੋਈ ਮੌਤ

ਪਾਲਘਰ (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਸੋਮਵਾਰ ਨੂੰ ਪ੍ਰਾਇਮਰੀ ਸਿਹਤ ਕੇਂਦਰ (ਪੀ.ਐੱਚ.ਸੀ.) ਜਾਣ ਅਤੇ ਫਿਰ ਘਰ ਪਰਤਣ ਲਈ ਪਿੰਡ ਤੋਂ 7 ਕਿਲੋਮੀਟਰ ਪੈਦਲ ਤੁਰਨ ਤੋਂ ਬਾਅਦ ਲੂ ਲੱਗਣ ਨਾਲ 21 ਸਾਲਾ ਇਕ ਗਰਭਵਤੀ ਆਦਿਵਾਸੀ ਔਰਤ ਦੀ ਮੌਤ ਹੋ ਗਈ। ਪਾਲਘਰ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੰਜੇ ਬੋਡਾਡੇ ਨੇ ਦੱਸਿਆ,''ਇਹ ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਹੋਈ, ਜਦੋਂ ਦਹਾਨੂੰ ਤਾਲੁਕਾ ਦੇ ਓਸਰ ਵੀਰਾ ਪਿੰਡ ਦੀ ਸੋਨਾਲੀ ਵਾਘਾਟ ਧੁੱਪ 'ਚ 3.5 ਕਿਲੋਮੀਟਰ ਪੈਦਲ ਤੁਰ ਕੇ ਕੋਲ ਦੇ ਇਕ ਰਾਜਮਾਰਗ ਪਹੁੰਚੀ, ਜਿੱਥੋਂ ਉਹ ਤਵਾ ਪੀ.ਐੱਚ.ਸੀ. ਲਈ ਇਕ ਆਟੋ-ਰਿਕਸ਼ਾ ਲੈ ਗਈ, ਕਿਉਂਕਿ ਉਸ ਦੀ ਸਿਹਤ ਠੀਕ ਨਹੀਂ ਸੀ।'' 9 ਮਹੀਨੇ ਦੀ ਗਰਭਵਤੀ ਔਰਤ ਦਾ ਪੀ.ਐੱਚ.ਸੀ. 'ਚ ਇਲਾਜ ਕਰ ਕੇ ਘਰ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਤੇਜ਼ ਗਰਮੀ ਦਰਮਿਆਨ ਉਹ ਫਿਰ ਤੋਂ ਹਾਈਵੇਅ ਤੋਂ 3.5 ਕਿਲੋਮੀਟਰ ਪੈਦਲ ਤੁਰ ਕੇ ਘਰ ਵਾਪਸ ਆਈ।

ਇਹ ਵੀ ਪੜ੍ਹੋ : ਐਂਬੂਲੈਂਸ ਲਈ ਨਹੀਂ ਸਨ ਪੈਸੇ, ਬੇਵੱਸ ਪਿਤਾ ਨੇ ਬੱਚੇ ਦੀ ਲਾਸ਼ ਬੈਗ 'ਚ ਰੱਖ ਬੱਸ ਰਾਹੀਂ ਕੀਤਾ 200 ਕਿਲੋਮੀਟਰ ਸਫ਼ਰ

ਅਧਿਕਾਰੀ ਨੇ ਕਿਹਾ ਕਿ ਬਾਅਦ 'ਚ ਸ਼ਾਮ ਨੂੰ, ਉਸ ਨੂੰ ਸਿਹਤ ਸੰਬੰਧੀ ਜਟਿਲਤਾਵਾਂ ਹੋਈਆਂ ਅਤੇ ਉਹ ਧੁੰਦਲਵਾੜੀ ਪੀ.ਐੱਚ.ਸੀ. ਗਈ, ਜਿੱਥੋਂ ਉਸ ਨੂੰ ਕਾਸਾ ਸਬ ਡਿਵੀਜ਼ਨਲ ਹਸਪਤਾਲ (ਐੱਸ.ਡੀ.ਐੱਚ.) ਰੈਫ਼ਰ ਕਰ ਦਿੱਤਾ ਗਿਆ। ਡਾਕਟਰਾਂ ਨੇ ਉਸ ਨੂੰ ਦਹਾਨੂੰ ਦੇ ਧੁੰਦਲਵਾੜੀ ਦੇ ਇਕ ਵਿਸ਼ੇਸ਼ ਹਸਪਤਾਲ 'ਚ ਰੈਫ਼ਰ ਕਰ ਦਿੱਤਾ। ਡਾਕਟਰਾਂ ਨੇ ਕਿਹਾ ਕਿ ਰਸਤੇ 'ਚ ਐਂਬੂਲੈਂਸ 'ਚ ਹੀ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਔਰਤ ਗਰਮੀ 'ਚ 7 ਕਿਲੋਮੀਟਰ ਤੱਕ ਤੁਰੀ, ਇਸ ਨਾਲ ਉਸ ਦੀ ਹਾਲਤ ਵਿਗੜ ਗਈ ਅਤੇ ਬਾਅਦ 'ਚ ਲੂ ਲੱਗਣ ਕਾਰਨ ਉਸ ਦੀ ਮੌਤ ਹੋ ਗਈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News