ਗਰਭਵਤੀ ਔਰਤ ਦੀ ਸ਼ੱਕੀ ਹਾਲਤ ''ਚ ਮੌਤ, ਪਤੀ ਸਮੇਤ 5 ਖ਼ਿਲਾਫ਼ ਦਾਜ ਕਤਲ ਦਾ ਮਾਮਲਾ ਦਰਜ

05/27/2023 5:53:14 PM

ਜੀਂਦ (ਭਾਸ਼ਾ)- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ਥਾਣਾ ਖੇਤਰ 'ਚ ਇਕ ਗਰਭਵਤੀ ਔਰਤ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਇਸ ਮਾਮਲੇ 'ਚ ਪਤਨੀ ਸਮੇਤ 5 ਲੋਕਾਂ ਖ਼ਿਲਾਫ਼ ਦਾਜ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਚਾਨਾ ਦੇ ਥਾਣਾ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਖਰਕਬੂਰਾ ਵਾਸੀ ਰਾਕੇਸ਼ ਦੀ ਗਰਭਵਤੀ ਪਤਨੀ ਮੰਜੂ (22) ਦੀ ਸ਼ੁੱਕਰਵਾਰ ਸ਼ਾਮ ਸ਼ੱਕੀ ਹਾਲਤ 'ਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੰਜੂ ਦੇ ਪਰਿਵਾਰ ਵਾਲੇ ਅਤੇ ਪੁਲਸ ਮੌਕੇ 'ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਮੰਜੂ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਪਤੀ ਸਮੇਤ ਸਹੁਰੇ ਪਰਿਵਾਰ 'ਤੇ ਉਸ ਦਾ ਗਲ਼ਾ ਘੁੱਟ ਕੇ ਕਤਲ ਕਰਨ ਦਾ ਦੋਸ਼ ਲਗਾਇਆ ਹੈ।

ਮੰਜੂ ਦੇ ਚਾਚਾ ਪਿੰਡ ਮਟੌਰ ਵਾਸੀ ਰਾਜ ਕੁਮਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਸ ਦੀ ਭਤੀਜੀ ਦਾ ਵਿਆਹ 23 ਮਈ 2021 ਨੂੰ ਪਿੰਡ ਖਰਕਬੂਰਾ ਵਾਸੀ ਰਾਕੇਸ਼ ਨਾਲ ਹੋਇਆ ਸੀ ਅਤੇ ਵਿਆਹ ਦੇ ਬਾਅਦ ਤੋਂ ਹੀ ਸਹੁਰੇ ਪਰਿਵਾਰ ਦੇ ਲੋਕ ਦਾਜ ਲਈ ਮੰਜੂ ਨੂੰ ਤੰਗ ਕਰਦੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਮੰਜੂ ਗਰਭਵਤੀ ਸੀ ਪਰ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ ਕਰਨਾ ਨਹੀਂ ਛੱਡਿਆ ਅਤੇ ਉਸ ਦੀ ਭਤੀਜੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਰਾਜ ਕੁਮਾਰ ਦੀ ਸ਼ਿਕਾਇਤ 'ਤੇ ਮੰਜੂ ਦੇ ਪਤੀ ਰਾਕੇਸ਼, ਸਹੁਰੇ ਚਾਂਦੀ ਰਾਮ, ਸੱਸ ਸਰੋਜ, ਦਿਓਰ ਖੁਸ਼ੀਰਾਮ, ਸੁਸ਼ੀਲ ਖ਼ਿਲਾਫ਼ ਦਾਜ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।


DIsha

Content Editor

Related News