ਕੋਰੋਨਾ ਮਰੀਜ਼ਾਂ ਲਈ ਮਸੀਹਾ ਬਣੀ ਗਰਭਵਤੀ ਨਰਸ, 250 ਕਿਮੀ. ਦਾ ਸਫਰ ਕਰਕੇ ਪਹੁੰਚੀ ਹਸਪਤਾਲ

04/04/2020 3:16:18 PM

ਤਿਰੂਚੀ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਹੁਣ ਵੀ ਜਾਰੀ ਹੈ, ਜਿਸ ਦੇ ਮੱਦੇਨਜ਼ਰ ਕਈ ਉੱਚਿਤ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਨਾਲ ਹੀ ਡਾਕਟਰ, ਨਰਸ, ਪੁਲਸ ਕਰਮਚਾਰੀ ਸਮੇਤ ਸਫਾਈ ਕਰਮਚਾਰੀ ਵੀ ਇਸ ਮਹਾਮਾਰੀ ਨਾਲ ਲੜ੍ਹ ਰਹੇ ਹਨ, ਜੋ ਆਪਣੀ ਜਾਨ ਜ਼ੋਖਿਮ 'ਚ ਪਾ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਇਨ੍ਹਾਂ ਸਾਰੇ ਲੋਕਾਂ ਦੀ ਭੂਮਿਕਾ ਕਿਸੇ ਤੋਂ ਛੁਪੀ ਨਹੀਂ ਹੋਈ ਹੈ, ਜੋ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਾ ਕੇ ਦਿਨ-ਰਾਤ ਦੂਜਿਆਂ ਦੀ ਮਦਦ ਕਰਨ 'ਚ ਲੱਗੇ ਹੋਏ ਹਨ। ਇਸ ਦੌਰਾਨ ਤਾਮਿਲਨਾਡੂ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਕ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਇੱਥੇ ਇਕ ਨਰਸ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਮਦਦ ਲਈ 250 ਕਿਲੋਮੀਟਰ ਦਾ ਸਫਰ ਕਰਕੇ ਹਸਪਤਾਲ ਪਹੁੰਚੀ। ਖਾਸ ਗੱਲ ਇਹ ਹੈ ਕਿ ਨਰਸ ਖੁਦ 8 ਮਹੀਨੇ ਦੀ ਗਰਭਵਤੀ ਹੈ ਪਰ ਫਿਰ ਵੀ ਮਰੀਜ਼ਾਂ ਦੀ ਮਦਦ ਕਰਨ ਲਈ ਇੰਨਾ ਲੰਬਾ ਸਫਰ ਤੈਅ ਕਰਕੇ ਹਸਪਤਾਲ ਪਹੁੰਚੀ। 

ਦੱਸਣਯੋਗ ਹੈ ਕਿ ਨਰਸ ਦਾ ਨਾਂ ਵਿਨੋਥਿਨੀ ਹੈ, ਜੋ 8 ਮਹੀਨਿਆਂ ਦੀ ਗਰਭਵਤੀ ਹੈ ਪਰ ਫਿਰ ਵੀ ਉਸ ਨੇ ਖਤਰਨਾਕ ਕੋਰੋਨਾਵਾਇਰਸ ਵਰਗੀ ਮੁਸੀਬਤ ਨਾਲ ਨਜਿੱਠਣ ਦਾ ਫੈਸਲਾ ਕੀਤਾ। ਇਸ ਦੇ ਲਈ ਵਿਨੋਥਿਨੀ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ 'ਚ ਮਦਦ ਕਰਨ ਲਈ ਤਾਮਿਲਨਾਡੂ 'ਚ ਤਿਰੂਚਿਰਾ ਤੋਂ ਰਾਮਨਾਥਪੁਰਮ ਤੱਕ 250 ਕਿਲੋਮੀਟਰ ਦੀ ਯਾਤਰਾ ਕੀਤੀ। 

ਇਕ ਮੀਡੀਆ ਰਿਪੋਰਟ ਮੁਤਾਬਕ ਨਰਸ ਵਿਨੋਥਿਨੀ ਤਿਰੂਚੀ 'ਚ ਇਕ ਪ੍ਰਾਈਵੇਟ ਹਸਪਤਾਲ 'ਚ ਵਰਕਰ ਸੀ। 1 ਅਪ੍ਰੈਲ ਨੂੰ ਰਾਮਨਾਥਪੁਰਮ ਦੇ ਸਿਹਤ ਸੰਭਾਲ ਦੇ ਡਾਇਰੈਕਟਰ (ਜੇ.ਡੀ) ਦਾ ਫੋਨ ਆਇਆ, ਜਿਸ ਤੋਂ ਬਾਅਦ ਵਿਨੋਥਿਨੀ ਨੇ ਹਸਪਤਾਲ ਪਹੁੰਚਣ ਦਾ ਫੈਸਲਾ ਕੀਤਾ। ਲਾਕਡਾਊਨ ਦੇ ਦੌਰਾਨ ਯਾਤਰਾ ਕਰਨ ਲਈ ਨਰਸ ਵਿਨੋਥਿਨੀ ਨੇ ਡੀ.ਵਾਈ.ਐੱਫ.ਆਈ. ਦੇ ਜ਼ਿਲਾ ਸਕੱਤਰ ਪੀ. ਲੇਨਿਨ ਦੀ ਮਦਦ ਨਾਲ ਸੈਰ ਸਪਾਟਾ ਮੰਤਰੀ ਵੇਲਾਮੰਡੀ ਐਨ. ਨਟਰਾਜਨ ਨਾਲ ਸੰਪਰਕ ਕੀਤਾ ਅਤੇ ਪੂਰੀ ਗੱਲ ਦੱਸਦੇ ਹੋਏ ਤਿਰੂਚੀ ਤੱਕ ਜਾਣ ਦੀ ਇਜ਼ਾਜਤ ਮੰਗੀ, ਜਿਸ ਤੋਂ ਬਾਅਦ ਕੁਲੈਕਟਰ ਐੱਸ. ਸ਼ਿਵਰਾਸੂ ਵੱਲੋਂ ਉਨ੍ਹਾਂ ਨੂੰ ਇਕ ਪਾਸ ਦਿੱਤਾ ਗਿਆ ਸੀ। ਇਸ ਤੋਂ ਬਾਅਦ ਗਰਭਵਤੀ ਨਰਸ ਵਿਨੋਥਿਨੀ ਆਪਣੇ ਪਤੀ ਨਾਲ ਕਾਰ ਰਾਹੀਂ ਤਿਰੂਚੀ ਤੋਂ ਰਾਮਨਾਥਪੁਰਮ ਪਹੁੰਚ ਗਈ। 


Iqbalkaur

Content Editor

Related News