ਪ੍ਰਯਾਗਰਾਜ ''ਚ ਹੜ੍ਹ ਦਾ ਕਹਿਰ! ਡੁੱਬੇ ਕਈ ਘਰ, ਛੱਤਾਂ ''ਤੇ ਰਹਿਣ ਲਈ ਮਜਬੂਰ ਹੋਏ ਲੋਕ, ਪਾਣੀ ''ਚ ਚੱਲੀਆਂ ਕਿਸ਼ਤੀਆਂ
Friday, Aug 29, 2025 - 09:42 AM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਇਸ ਮੀਂਹ ਕਾਰਨ ਬੀਤੇ ਦਿਨੀਂ ਗੰਗਾ, ਯਮੁਨਾ ਅਤੇ ਬੇਤਵਾ ਸਮੇਤ ਪ੍ਰਮੁੱਖ ਨਦੀਆਂ ਕਈ ਥਾਵਾਂ 'ਤੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਸਨ ਅਤੇ 13 ਜ਼ਿਲ੍ਹੇ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਸਨ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸ਼ਹਿਰ ਵਿੱਚ ਪਏ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ ਸੀ, ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ।
ਪ੍ਰਯਾਗਰਾਜ ਵਿਚ ਹੜ੍ਹ ਦਾ ਪਾਣੀ ਆਉਣ ਕਾਰਨ ਲੋਕਾਂ ਦੇ ਘਰ ਪਾਣੀ ਵਿਚ ਡੁੱਬ ਗਏ, ਜਿਸ ਦੌਰਾਨ ਲੋਕਾਂ ਨੇ ਬਾਹਰ ਘੁੰਮਣ-ਫਿਰਨ ਲਈ ਗੱਡੀਆਂ ਦੀ ਥਾਂ ਕਿਸ਼ਤੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਪਾਣੀ ਨਾਲ ਭਰ ਜਾਣ ਕਾਰਨ ਨਦੀਆਂ ਦਾ ਪਾਣੀ ਬਾਹਰ ਆਉਣ ਲੱਗਾ, ਜਿਸ ਕਾਰਨ ਕਈ ਇਲਾਕੇ, ਘਰ ਅਤੇ ਖੇਤ ਪਾਣੀ ਵਿਚ ਡੁੱਬ ਗਏ ਸਨ। ਲੋਕ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਏ। ਕਈ ਲੋਕ ਤਾਂ ਉਸ ਸਮੇਂ ਘਰਾਂ ਦੀਆਂ ਛੱਤਾਂ 'ਤੇ ਰਹਿਣ ਲੱਗ ਪਏ। ਪਰ ਹੁਣ ਹਾਲਾਤ ਕਾਫ਼ੀ ਠੀਕ ਹੋ ਗਏ ਹਨ। ਵੱਖ-ਵੱਖ ਥਾਵਾਂ ਤੋਂ ਪਾਣੀ ਉਤਰ ਗਿਆ ਹੈ।
ਪ੍ਰਯਾਗਰਾਜ ਵਿਚ ਹੜ੍ਹ ਵਰਗੇ ਹਾਲਾਤ ਇਹ ਮਹੀਨੇ ਦੇ ਸ਼ੁਰੂ ਵਿਚ ਸਨ। ਹਾਲਾਂਕਿ ਉਦੋਂ ਤੋਂ ਪਾਣੀ ਦਾ ਪੱਧਰ ਘੱਟ ਗਿਆ ਹੈ ਪਰ ਕੁਝ ਖੇਤਰ ਅਜੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ। ਮੀਂਹ ਕਾਰਨ ਹੜ੍ਹ ਪੀੜਤਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪਾਣੀ ਵਿਚ ਡੁੱਬ ਜਾਣ ਕਾਰਨ ਘਰ ਖ਼ਰਾਬ ਅਤੇ ਸੀਲੇ ਹੋ ਗਏ ਹਨ। ਪ੍ਰਯਾਗਰਾਜ ਦੇ 51 ਸ਼ਹਿਰੀ ਖੇਤਰ ਹੜ੍ਹ ਦੀ ਲਪੇਟ ਵਿੱਚ ਆਏ। ਇਨ੍ਹਾਂ ਸ਼ਹਿਰੀ ਇਲਾਕਿਆਂ ਵਿਚ ਕਰੀਬ ਪੰਜ ਲੱਖ ਲੋਕਾਂ ਦੀ ਜ਼ਿੰਦਗੀ ਹੜ੍ਹ ਨਾਲ ਪ੍ਰਭਾਵਿਤ ਹੋ ਗਈ।