ਸੋਸ਼ਲ ਮੀਡੀਆ ਪੱਤਰਕਾਰ ਗੁਰਦੀਪ ਖ਼ਿਲਾਫ਼ ਬਲੈਕਮੇਲ ਕਰਨ ਤੇ ਐੱਸ. ਸੀ./ਐੱਸ. ਟੀ. ਐਕਟ ਤਹਿਤ FIR ਦਰਜ

Friday, Apr 10, 2026 - 03:55 PM (IST)

ਸੋਸ਼ਲ ਮੀਡੀਆ ਪੱਤਰਕਾਰ ਗੁਰਦੀਪ ਖ਼ਿਲਾਫ਼ ਬਲੈਕਮੇਲ ਕਰਨ ਤੇ ਐੱਸ. ਸੀ./ਐੱਸ. ਟੀ. ਐਕਟ ਤਹਿਤ FIR ਦਰਜ

ਜਲੰਧਰ (ਜ. ਬ.)-ਬਹੁਚਰਚਿਤ ਸਵੈ-ਘੋਸ਼ਿਤ ਅਤੇ ਕਥਿਤ ਪੱਤਰਕਾਰ ਗੁਰਦੀਪ ਸਿੰਘ ਤਲਵਾੜ ਉਰਫ਼ ਮੁੰਨਾ ਖ਼ਿਲਾਫ਼ ਥਾਣਾ ਨੰਬਰ 8 ਦੀ ਪੁਲਸ ਨੇ ਬਲੈਕਮੇਲ ਕਰਨ, ਧਮਕਾਉਣ ਅਤੇ ਐੱਸ. ਸੀ.-ਐੱਸ. ਟੀ. ਐਕਟ ਅਧੀਨ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਗੁਰਦੀਪ ਸਿੰਘ ਬੀਤੇ ਸਾਲ ਤੋਂ ਸੰਤੋਖਪੁਰਾ ਸਥਿਤ ਦੋਆਬਾ ਗੈਸ ਏਜੰਸੀ ਦੇ ਪ੍ਰਬੰਧਕਾਂ ਨੂੰ ਪੈਸਿਆਂ ਲਈ ਬਲੈਕਮੇਲ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਫਰਜ਼ੀ ਵੀਡੀਓ ਤਿਆਰ ਕਰਕੇ ਏਜੰਸੀ ਦਾ ਅਕਸ ਖ਼ਰਾਬ ਕਰ ਰਿਹਾ ਸੀ। ਏ. ਐੱਸ. ਪੀ. ਨਾਰਥ ਅਸ਼ੋਕ ਮੀਣਾ (ਆਈ. ਪੀ. ਐੱਸ.) ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਆਬਾ ਗੈਸ ਏਜੰਸੀ ਦੇ ਪ੍ਰਬੰਧਕ ਹਿਤੇਸ਼ ਚੰਦਰ ਨੇ ਦੱਸਿਆ ਕਿ ਨਵੰਬਰ 2025 ਨੂੰ ‘ਦੈਨਿਕ ਯੁਵਾ ਸਵੇਰਾ’ ਦੇ ਨਾਂ ’ਤੇ ਫੇਸਬੁੱਕ ਪੇਜ ਚਲਾਉਣ ਵਾਲੇ ਪੱਤਰਕਾਰ ਗੁਰਦੀਪ ਸਿੰਘ ਤਲਵਾੜ ਪੁੱਤਰ ਰਣਜੀਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਨੇ ਸਭ ਤੋਂ ਪਹਿਲਾਂ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਮਨ੍ਹਾ ਕਰ ਦਿੱਤਾ ਸੀ। ਅਜਿਹੇ ਵਿਚ ਉਸ ਨੇ ਏਜੰਸੀ ਦੇ ਪ੍ਰਬੰਧਕ ਅਜੈ ਕੁਮਾਰ ਨੂੰ ਖ਼ਬਰਾਂ ਪ੍ਰਕਾਸ਼ਿਤ ਕਰ ਕੇ ਬਦਨਾਮ ਕਰਨ ਦੀ ਧਮਕੀ ਦਿੱਤੀ।

ਇਹ ਵੀ ਪੜ੍ਹੋ: ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਵੱਡੀ ਰਾਹਤ, ਹਾਈਕੋਰਟ ਨੇ ਦਿੱਤੀ ਜ਼ਮਾਨਤ

ਦੋਸ਼ ਹੈ ਕਿ 3 ਦਸੰਬਰ 2025 ਨੂੰ ਗੁਰਦੀਪ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਨੇ ਏਜੰਸੀ ਦੇ ਡਰਾਈਵਰ ਅਜੈ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ 2000 ਰੁਪਏ ਖੋਹ ਲਏ। ਇਥੇ ਵੀ ਗੁਰਦੀਪ ਸਿੰਘ ਰੁਕਿਆ ਨਹੀਂ ਅਤੇ ਡਰਾਈਵਰ ਪ੍ਰਹਿਲਾਦ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਦਬਾਅ ਪਾ ਕੇ ਉਸ ਦੀ ਵੀਡੀਓ ਬਣਵਾ ਲਈ ਕਿ ਉਹ ਸਿਲੰਡਰਾਂ ਵਿਚ ਘੱਟ ਗੈਸ ਸਪਲਾਈ ਕਰਦੇ ਹਨ। ਹਿਤੇਸ਼ ਚੰਦਰ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਲਗਾਤਾਰ ਉਨ੍ਹਾਂ ਦੀ ਗੈਸ ਏਜੰਸੀ ਦਾ ਅਕਸ ਖ਼ਰਾਬ ਕਰਦਾ ਰਿਹਾ ਪਰ ਜਦੋਂ ਉਸ ਦੀ ਕੋਈ ਮੰਗ ਨਾ ਮੰਨੀ ਤਾਂ ਗੁਰਦੀਪ ਸਿੰਘ 5 ਜਨਵਰੀ ਨੂੰ ਉਨ੍ਹਾਂ ਦੀ ਏਜੰਸੀ ਵਿਚ ਆ ਗਿਆ ਅਤੇ ਵੀਡੀਓ ਬਣਾਉਂਦੇ ਹੋਏ ਕੈਸ਼ ਰੂਮ ਤੱਕ ਪਹੁੰਚ ਗਿਆ, ਜਿੱਥੇ ਪਹਿਲਾਂ ਤੋਂ ਹੀ ਹਿਤੇਸ਼ ਚੰਦਰ ਅਤੇ ਬੰਨੀ ਬੈਠੇ ਹੋਏ ਸਨ।

ਇਹ ਵੀ ਪੜ੍ਹੋ: Punjab: ਜੰਗ ਦਾ ਮੈਦਾਨ ਬਣੇ ਖੇਤ! ਚੱਲੇ ਤੇਜ਼ਧਾਰ ਹਥਿਆਰ ਤੇ ਹੋਈ ਫਾਇਰਿੰਗ

ਦੋਸ਼ ਹੈ ਕਿ ਕੈਸ਼ ਰੂਮ ਵਿਚ ਆ ਕੇ ਉਸ ਨੇ ਦੋ ਲੱਖ ਰੁਪਏ ਦੀ ਮੰਗ ਕੀਤੀ ਪਰ ਮਨ੍ਹਾ ਕਰਨ ’ਤੇ ਉਹ ਗੁੱਸੇ ਵਿਚ ਆ ਗਿਆ ਅਤੇ ਜਾਤੀ-ਸੂਚਕ ਸ਼ਬਦ ਬੋਲ ਦਿੱਤੇ। ਹਿਤੇਸ਼ ਨੇ ਕਿਹਾ ਕਿ ਉਨ੍ਹਾਂ ਗੁਰਦੀਪ ਸਿੰਘ ਨੂੰ ਪੈਸੇ ਦੇਣ ਤੋਂ ਬਿਲਕੁਲ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਹਰ ਕੋਸ਼ਿਸ਼ ਕੀਤੀ। ਗੁਰਦੀਪ ਸਿੰਘ ਵੱਲੋਂ ਮਾਨਸਿਕ ਪ੍ਰੇਸ਼ਾਨ ਕਰਨ ’ਤੇ ਇਸ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਜਾਂਚ ਤੋਂ ਬਾਅਦ ਗੁਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਏ. ਐੱਸ. ਪੀ. ਅਸ਼ੋਕ ਮੀਣਾ ਨੇ ਦੱਸਿਆ ਕਿ ਗੁਰਦੀਪ ਸਿੰਘ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ ਅਤੇ ਜਲਦ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਵਿਚ ਕਿਸੇ ਹੋਰ ਦਾ ਵੀ ਨਾਂ ਸਾਹਮਣੇ ਆਇਆ ਤਾਂ ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਡੀ. ਏ. ਲੀਗਲ ਦੀ ਰਾਏ ਲੈਣ ਤੋਂ ਬਾਅਦ ਦਰਜ ਕੀਤੀ ਐੱਫ਼. ਆਈ. ਆਰ.
ਆਈ. ਪੀ. ਐੱਸ. ਅਧਿਕਾਰੀ ਅਸ਼ੋਕ ਮੀਣਾ ਨੇ ਦੱਸਿਆ ਕਿ ਗੁਰਦੀਪ ਸਿੰਘ ਖ਼ਿਲਾਫ਼ ਦਰਜ ਹੋਈ ਐੱਫ਼. ਆਈ. ਆਰ. ਡੀ. ਏ. ਲੀਗਲ ਦੀ ਰਾਏ ਲੈਣ ਤੋਂ ਬਾਅਦ ਦਰਜ ਕੀਤੀ ਗਈ ਹੈ। ਸਾਰੀਆਂ ਧਾਰਾਵਾਂ ਗੈਰ-ਜ਼ਮਾਨਤੀ ਹਨ। ਥਾਣਾ ਪੱਧਰ ਤੋਂ ਗੁਰਦੀਪ ਸਿੰਘ ਦੀ ਜ਼ਮਾਨਤ ਨਹੀਂ ਲਈ ਜਾਵੇਗੀ। ਪੁਲਸ ਨੇ ਗੁਰਦੀਪ ਸਿੰਘ ਖ਼ਿਲਾਫ਼ ਧਾਰਾ 308 (1), 332 (1) ਅਤੇ ਐੱਸ. ਸੀ.-ਐੱਸ. ਟੀ. ਐਕਟ ਅਧੀਨ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਮੌਸਮ ਨੇ ਲਈ ਅਚਾਨਕ ਕਰਵਟ, ਮਾਹਿਰਾਂ ਨੇ ਦਿੱਤੀ ਚਿਤਾਵਨੀ

ਖ਼ੁਦ ਨੂੰ ਪੱਤਰਕਾਰ ਕਹਿਣ ਵਾਲੇ ਗੁਰਦੀਪ ਸਿੰਘ ਦਾ ਅਪਰਾਧਿਕ ਰਿਕਾਰਡ
ਖ਼ੁਦ ਨੂੰ ਪੱਤਰਕਾਰ ਕਹਿਣ ਵਾਲੇ ਗੁਰਦੀਪ ਸਿੰਘ ਦਾ ਪੁਰਾਣਾ ਅਪਰਾਧਿਕ ਰਿਕਾਰਡ ਰਿਹਾ ਹੈ। ਲਗਭਗ ਤਿੰਨ ਸਾਲ ਪਹਿਲਾਂ ਉਸ ਨੇ ਗੋਪਾਲ ਨਗਰ ਵਿਚ ਪਤੀ-ਪਤਨੀ ਦੇ ਝਗੜੇ ਵਿਚ ਪੈ ਕੇ ਔਰਤ ਦੇ ਪਤੀ ਨੂੰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ ਸੀ। ਉਸ ਖ਼ਿਲਾਫ਼ ਥਾਣਾ ਨੰਬਰ 2 ਵਿਚ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਹੋਇਆ ਸੀ। ਫਿਰ ਉਸ ’ਤੇ ਫਗਵਾੜਾ ਵਿਚ ਲਾਟਰੀ ਸਟਾਲ ਵਾਲਿਆਂ ਨੂੰ ਬਲੈਕਮੇਲ ਕਰਨ ਦੇ ਦੋਸ਼ ਲੱਗੇ ਸਨ ਅਤੇ ਉੱਥੋਂ ਦੇ ਦੁਕਾਨਦਾਰਾਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ।
29 ਮਾਰਚ 2024 ਨੂੰ ਹੋਲੀ ਵਾਲੇ ਦਿਨ ਬੱਚਿਆਂ ਨੂੰ ਲੈ ਕੇ ਹੋਏ ਵਿਵਾਦ ਵਿਚ ਗੁਰਦੀਪ ਸਿੰਘ ਨੇ ਮਾਂ-ਧੀ ਨੂੰ ਥੱਪੜ ਮਾਰੇ ਸਨ ਅਤੇ ਗਾਲੀ-ਗਲੋਚ ਕੀਤਾ ਸੀ। ਉਦੋਂ ਵੀ ਥਾਣਾ ਨੰਬਰ 1 ਵਿਚ ਗੁਰਦੀਪ ਸਿੰਘ ਖ਼ਿਲਾਫ਼ ਐੱਫ. ਆਈ. ਆਰ. ਨੰਬਰ 48 ਦਰਜ ਕੀਤੀ ਗਈ ਸੀ ਅਤੇ ਜਦੋਂ ਗੁਰਦੀਪ ਕਵਰੇਜ ਕਰਨ ਥਾਣਾ ਨੰਬਰ 1 ਵਿਚ ਗਿਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਵੱਲੋਂ 46 ਅਹੁਦੇਦਾਰਾਂ ਦੀ ਸੂਚੀ ਜਾਰੀ, ਇਨ੍ਹਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News