ਅਤੀਕ ਦੀ ਗੈਰ-ਮੌਜੂਦਗੀ ''ਚ ਸਖ਼ਤ ਸੁਰੱਖਿਆ ਦਰਮਿਆਨ ਦਫ਼ਨਾਈ ਗਈ ਪੁੱਤ ਅਸਦ ਦੀ ਲਾਸ਼
Saturday, Apr 15, 2023 - 11:28 AM (IST)
ਪ੍ਰਯਾਗਰਾਜ- ਗੈਂਗਸਟਰ ਤੋਂ ਨੇਤਾ ਬਣੇ ਅਤੀਕ ਅਹਿਮਦ ਦੇ ਪੁੱਤ ਅਸਦ ਅਹਿਮਦ ਦੀ ਲਾਸ਼ ਸ਼ਨੀਵਾਰ ਸਵੇਰੇ ਇੱਥੇ ਕਸਾਰੀ ਮਸਾਰੀ ਕਬਰਸਤਾਨ ਵਿਚ ਸਖ਼ਤ ਸੁਰੱਖਿਆ ਦਰਮਿਆਨ ਦਫ਼ਨਾਈ ਗਈ। ਦੱਸ ਦੇਈਏ ਕਿ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਰਾਜੂ ਪਾਲ ਦੇ ਕਤਲ ਕਾਂਡ ਮਾਮਲੇ ਦੇ ਮੁੱਖ ਗਵਾਹ ਰਹੇ ਉਮੇਸ਼ ਪਾਲ ਅਤੇ ਉਸ ਦੇ ਦੋ ਸੁਰੱਖਿਆ ਕਰਮੀਆਂ ਦੀ ਇਸ ਸਾਲ 24 ਫਰਵਰੀ ਨੂੰ ਪ੍ਰਯਾਗਰਾਜ 'ਚ ਤਾਬੜਤੋੜ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਪੁਲਸ ਨੂੰ ਲੋੜੀਂਦੇ ਮੁਲਜ਼ਮ ਅਸਦ ਅਤੇ ਗੁਲਾਮ ਵੀਰਵਾਰ ਨੂੰ ਝਾਂਸੀ ਵਿਚ ਵਿਸ਼ੇਸ਼ ਟਾਸਕ ਫੋਰਸ (STF) ਨਾਲ ਮੁਕਾਬਲੇ ਵਿਚ ਮਾਰੇ ਗਏ ਸਨ। ਇਹ ਘਟਨਾ ਉਸ ਸਮੇਂ ਵਾਪਰੀ ਸੀ, ਜਦੋਂ ਅਤੀਕ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੀ ਪ੍ਰਯਾਗਰਾਜ ਦੀ ਇਕ ਅਦਾਲਤ ਵਿਚ ਪੇਸ਼ੀ ਹੋ ਰਹੀ ਸੀ।
ਇਹ ਵੀ ਪੜ੍ਹੋ- ਪੁੱਤ ਦੇ ਐਨਕਾਊਂਟਰ ਤੋਂ ਬੌਖਲਾਏ ਅਤੀਕ ਦੀ STF ਨੂੰ ਧਮਕੀ, ਕਿਹਾ- ਜੇ ਜਿਊਂਦਾ ਰਿਹਾ ਤਾਂ ਬਦਲਾ ਜ਼ਰੂਰ ਲਵਾਂਗਾ
ਓਧਰ ਕਬਰਸਤਾਨ ਵਿਚ ਅਤੀਕ ਦੇ ਰਿਸ਼ਤੇਦਾਰਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਗਿਆ ਅਤੇ ਮੀਡੀਆ ਕਰਮੀਆਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਅਸਦ ਦੀ ਲਾਸ਼ ਲੈ ਕੇ ਐਂਬੂਲੈਂਸ ਭਾਰੀ ਸੁਰੱਖਿਆ ਵਿਚਾਲੇ ਸਵੇਰੇ ਕਰੀਬ 9 ਵਜੇ ਕਬਰਸਤਾਨ ਪਹੁੰਚੀ। ਐਂਬੂਲੈਂਸ ਵਿਚ ਲਾਸ਼ ਨਾਲ ਅਸਦ ਦਾ ਚਾਚਾ ਉਸਮਾਨ ਸੀ। ਕਸਾਰੀ ਮਸਾਰੀ ਕਬਰਸਤਾਨ 'ਚ ਲਾਸ਼ ਨੂੰ ਦਫ਼ਨਾਉਣ ਦੀ ਪ੍ਰਕਿਰਿਆ ਕਰੀਬ ਇਕ ਘੰਟੇ ਚੱਲੀ। ਇਸ ਦੌਰਾਨ ਅਤੀਕ ਅਹਿਮਦ ਅਤੇ ਉਸ ਦੇ ਪਰਿਵਾਰ ਦਾ ਕੋਈ ਕਰੀਬੀ ਮੈਂਬਰ ਨਜ਼ਰ ਨਹੀਂ ਆਇਆ।
ਇਹ ਵੀ ਪੜ੍ਹੋ- ਪੁੱਤ ਦੀ ਮੌਤ ਮਗਰੋਂ ਪੂਰੀ ਤਰ੍ਹਾਂ ਟੁੱਟਿਆ ਅਤੀਕ, ਬੋਲਿਆ- ਇਹ ਸਭ ਮੇਰੀ ਵਜ੍ਹਾ ਨਾਲ ਹੋਇਆ
ਕਬਰਸਤਾਨ ਦੇ ਚਾਰੋਂ ਪਾਸੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ। ਸੰਯੁਕਤ ਪੁਲਸ ਕਮਿਸ਼ਨਰ ਆਕਾਸ਼ ਕੁਲਹਰੀ ਨੇ ਦੱਸਿਆ ਕਿ ਅਤੀਕ ਦੇ ਦੂਰ ਦੇ ਕੁਝ ਰਿਸ਼ਤੇਦਾਰਾਂ ਅਤੇ ਉਸ ਦੇ ਮੁਹੱਲੇ ਦੇ ਲੋਕਾਂ ਨੂੰ ਹੀ ਕਬਰਸਤਾਨ ਵਿਚ ਜਾਣ ਦਿੱਤਾ ਗਿਆ। ਅਤੀਕ ਨੇ ਆਪਣੇ ਪੁੱਤ ਦੇ ਜਨਾਜੇ ਵਿਚ ਸ਼ਾਮਲ ਹੋਣ ਲਈ ਸ਼ੁੱਕਰਵਾਰ ਨੂੰ ਆਪਣੇ ਵਕੀਲ ਜ਼ਰੀਏ ਮੈਜਿਸਟ੍ਰੇਟ ਕੋਲ ਇਕ ਪ੍ਰਾਰਥਨਾ ਪੱਤਰ ਦਿੱਤਾ ਸੀ। ਜਿਸ 'ਤੇ ਸ਼ਨੀਵਾਰ ਨੂੰ ਮੁੱਖ ਨਿਆਇਕ ਮੈਜਿਸਟ੍ਰੇਟ ਦੀ ਅਦਾਲਤ 'ਚ ਫ਼ੈਸਲਾ ਲਿਆ ਜਾਣਾ ਸੀ ਪਰ ਅਦਾਲਤੀ ਕਾਰਵਾਈ ਤੋਂ ਪਹਿਲਾਂ ਹੀ ਲਾਸ਼ ਨੂੰ ਦਫ਼ਨਾਉਣ ਦੀ ਪ੍ਰਕਿਰਿਆ ਪੂਰੀ ਹੋ ਗਈ।
ਇਹ ਵੀ ਪੜ੍ਹੋ- ਉਮੇਸ਼ ਪਾਲ ਕਤਲਕਾਂਡ 'ਚ ਵੱਡੀ ਸਫ਼ਲਤਾ; ਅਤੀਕ ਅਹਿਮਦ ਦਾ ਪੁੱਤਰ ਅਸਦ ਐਨਕਾਊਂਟਰ 'ਚ ਢੇਰ
ਦੱਸ ਦੇਈਏ ਕਿ ਅਤੀਕ ਦਾ ਵੱਡਾ ਪੁੱਤਰ ਉਮਰ ਲਖਨਊ ਜੇਲ੍ਹ 'ਚ ਬੰਦ ਹੈ, ਜਦੋਂ ਕਿ ਉਸ ਦਾ ਛੋਟਾ ਪੁੱਤਰ ਅਲੀ ਨੈਨੀ ਕੇਂਦਰੀ ਜੇਲ੍ਹ 'ਚ ਬੰਦ ਹੈ। ਇਸ ਦੇ ਨਾਲ ਹੀ ਚੌਥਾ ਬੇਟਾ ਅਹਜਮ ਅਤੇ ਸਭ ਤੋਂ ਛੋਟਾ ਬੇਟਾ ਅਬਾਨ ਪ੍ਰਯਾਗਰਾਜ ਦੇ ਬਾਲ ਸੁਧਾਰ ਘਰ 'ਚ ਹਨ। ਅਤੀਕ ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੀ ਪਤਨੀ ਜ਼ੈਨਬ ਵੀ ਉਮੇਸ਼ ਪਾਲ ਕਤਲ ਕੇਸ 'ਚ ਭਗੌੜੇ ਹਨ, ਇਸ ਲਈ ਅਤੀਕ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਅਸਦ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋ ਸਕਿਆ। ਕਸਾਰੀ ਮਸਾਰੀ ਕਬਰਸਤਾਨ 'ਚ ਅਸਦ ਦੀ ਕਬਰ ਪੁੱਟਣ ਵਾਲੇ ਜਾਨੂ ਖਾਨ ਨੇ ਦੱਸਿਆ ਕਿ ਅਸਦ ਦੀ ਕਬਰ ਅਤੀਕ ਅਹਿਮਦ ਦੀ ਮਾਂ ਅਤੇ ਉਸ ਦੇ ਪਿਤਾ ਦੀਆਂ ਕਬਰਾਂ ਦੇ ਕੋਲ ਪੁੱਟੀ ਗਈ ਹੈ।