ਭਲਕੇ ਕਾਲੀ ਪੱਟੀ ਬੰਨ੍ਹ ਕੇ ਪੜ੍ਹੋ ਨਮਾਜ਼ ... ਪਹਿਲਗਾਮ ਹਮਲੇ ''ਤੇ ਅਸਦੁਦੀਨ ਓਵੈਸੀ ਦੀ ਅਪੀਲ
Thursday, Apr 24, 2025 - 11:17 PM (IST)

ਨੈਸ਼ਨਲ ਡੈਸਕ: ਏਆਈਐੱਮਆਈਐੱਮ ਮੁਖੀ ਅਸਦੁਦੀਨ ਓਵੈਸੀ ਨੇ ਮੁਸਲਮਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੱਲ੍ਹ ਜੂੰਮੇ ਦੀ ਨਮਾਜ਼ ਲਈ ਜਾਂਦੇ ਸਮੇਂ ਆਪਣੇ ਹੱਥਾਂ 'ਤੇ ਕਾਲੀ ਪੱਟੀ ਬੰਨ੍ਹ ਕੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦ ਅਤੇ ਸੈਲਾਨੀਆਂ ਦੀ ਹੱਤਿਆ ਦੀ ਨਿੰਦਾ ਕਰਦੇ ਹੋਏ ਇੱਕਜੁੱਟ ਸੰਦੇਸ਼ ਦੇਣ।
ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐੱਮਆਈਐੱਮ) ਦੇ ਸੰਸਦ ਮੈਂਬਰ ਨੇ ਟਵਿੱਟਰ 'ਤੇ ਪੋਸਟ ਕੀਤੇ ਇੱਕ ਵੀਡੀਓ ਵਿੱਚ ਕਿਹਾ"ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੇ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਜਾਨ ਲੈ ਲਈ ਹੈ।
ਦਹਿਸ਼ਤ ਅਤੇ ਅਪਰਾਧ ਦੇ ਇਸ ਕੰਮ ਦੀ ਨਿੰਦਾ ਕਰਦੇ ਹੋਏ ਜਦੋਂ ਤੁਸੀਂ ਕੱਲ੍ਹ ਨਮਾਜ਼ ਲਈ ਜਾਓ, ਤਾਂ ਕਿਰਪਾ ਕਰਕੇ ਆਪਣੀ ਬਾਂਹ 'ਤੇ ਕਾਲੀ ਪੱਟੀ ਬੰਨ੍ਹੋ,"। ਸਰਹੱਦ ਪਾਰ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਕਦਮ ਚੁੱਕੇ ਹਨ। ਅਟਾਰੀ-ਵਾਹਗਾ ਸਰਹੱਦ ਬੰਦ ਕਰ ਦਿੱਤੀ ਗਈ ਹੈ, ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਲਈ ਕਿਹਾ ਗਿਆ ਹੈ ਅਤੇ ਪਾਕਿਸਤਾਨੀ ਦੂਤਾਵਾਸ ਦੇ ਸਾਰੇ ਰੱਖਿਆ ਸਟਾਫ ਨੂੰ ਘਰ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ ਹੈ।