ਕੇਜਰੀਵਾਲ ਬੋਲੇ-ਪ੍ਰਵੇਸ਼ ਵਰਮਾ ਔਰਤਾਂ ਨੂੰ ਸ਼ਰੇਆਮ ਵੰਡ ਰਹੇ 1100-1100 ਰੁਪਏ
Friday, Jan 10, 2025 - 09:51 AM (IST)
ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਭਾਜਪਾ ਨੇਤਾ ਪ੍ਰਵੇਸ਼ ਵਰਮਾ ਦੇ ਘਰ ਛਾਪਾ ਮਾਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਪ੍ਰਵੇਸ਼ ਵਰਮਾ ’ਤੇ ਔਰਤਾਂ ਨੂੰ ਸ਼ਰੇਆਮ 1100-1100 ਰੁਪਏ ਵੰਡਣ ਦਾ ਦੋਸ਼ ਲਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇਤਾ ਨੌਕਰੀਆਂ ਦਾ ਝਾਂਸਾ ਦੇ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਦੀ ਉਮੀਦਵਾਰੀ ਰੱਦ ਕਰਨੀ ਚਾਹੀਦੀ ਹੈ। ਕੇਜਰੀਵਾਲ ਨੇ ਜ਼ਿਲ੍ਹਾ ਚੋਣ ਅਧਿਕਾਰੀ (ਡੀ. ਈ. ਓ.) ਨੂੰ ਤੁਰੰਤ ਮੁਅੱਤਲ ਅਤੇ ਤਬਦੀਲ ਕਰਨ ਦੀ ਵੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਵਫਦ ਨੇ ਵੀਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕੀਤੀ।
ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ’ਤੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ’ਚ ਵੋਟਰ ਸੂਚੀ ’ਚ ਹੇਰਾਫੇਰੀ ਦਾ ਦੋਸ਼ ਲਾਉਂਦਿਆਂ ਚੋਣ ਕਮਿਸ਼ਨ ’ਚ ਸ਼ਿਕਾਇਤ ਦਰਜ ਕਰਾਈ। ਓਧਰ ਨਵੀਂ ਦਿੱਲੀ ਤੋਂ ਹਾਰ ਜਾਣ ਦੇ ਡਰੋਂ ਇਕ ਹੋਰ ਸੀਟ ਤੋਂ ਵੀ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਦੇ ਭਾਜਪਾ ਨੇਤਾਵਾਂ ਦੇ ਦਾਅਵੇ ਨੂੰ ਰੱਦ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਸਿਰਫ ਇਕ ਸੀਟ ਤੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣ ‘ਇੰਡੀਆ ਗੱਠਜੋੜ ਦਾ ਮਾਮਲਾ ਨਹੀਂ ਹੈ, ਕਿਉਂਕਿ ਦਿੱਲੀ ’ਚ ਆਮ ਆਦਮੀ ਪਾਰਟੀ (ਆਪ) ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸਿੱਧਾ ਮੁਕਾਬਲਾ ਹੈ।
ਦਿੱਲੀ ਦੇ ਜਾਟ ਭਾਈਚਾਰੇ ਨੂੰ ਓ. ਬੀ. ਸੀ. ਸੂਚੀ ’ਚ ਸ਼ਾਮਲ ਕਰੇ ਕੇਂਦਰ ਸਰਕਾਰ
ਕੇਜਰੀਵਾਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਰਾਜਧਾਨੀ ਦੇ ਜਾਟ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਦੇ ਵਾਅਦੇ ਤੋਂ ਮੁੱਕਰਨ ਦਾ ਦੋਸ਼ ਲਾਇਆ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦਿੱਲੀ ਦੇ ਜਾਟ ਭਾਈਚਾਰੇ ਨੂੰ ਕੇਂਦਰ ਸਰਕਾਰ ਦੀ ਹੋਰ ਪੱਛੜੇ ਵਰਗ (ਓ. ਬੀ. ਸੀ.) ਸੂਚੀ ’ਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ।