ਹੁਣ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਤੋਂ ਵੱਟਿਆ ਪਾਸਾ

Friday, Oct 01, 2021 - 11:18 AM (IST)

ਹੁਣ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਤੋਂ ਵੱਟਿਆ ਪਾਸਾ

ਨਵੀਂ ਦਿੱਲੀ– ਪ੍ਰਸ਼ਾਂਤ ਕਿਸ਼ੋਰ ਅਤੇ ਕਾਂਗਰਸ ਲੀਡਰਸ਼ਿਪ ਵਿਚਾਲੇ ਗੱਲਬਾਤ ਅਸਫਲਤਾ ਨਾਲ ਖਤਮ ਹੋ ਗਈ ਅਤੇ ਚੋਣ ਰਣਨੀਤੀਕਾਰ ਨੇ ਕਾਂਗਰਸ ਤੋਂ ਪਾਸਾ ਵੱਟ ਲਿਆ। ਕਿਸ਼ੋਰ 3 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਸੀ ਪਰ ਹਾਈਕਮਾਨ ਇਹ ਤੈਅ ਨਹੀਂ ਕਰ ਪਾ ਰਿਹਾ ਹੈ ਕਿ ਉਨ੍ਹਾਂ ਨੂੰ ਕਿਹੜੀ ਭੂਮਿਕਾ ਦਿੱਤੀ ਜਾਵੇ। ਆਖਿਰ ਨਿਰਾਸ਼ ਕਿਸ਼ੋਰ ਨੇ ਨਾਰਾਜ਼ ਹੋ ਕੇ ਪਾਰਟੀ ਤੋਂ ਪਾਸਾ ਵੱਟ ਲਿਆ ਅਤੇ ਕਾਂਗਰਸ ਲੀਡਰਸ਼ਿਪ ਨੂੰ ਕਿਹਾ ਕਿ ਮੈਂ ਅਣਮਿੱਥੇ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਸਕਦਾ। ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਪਾਰਟੀ ’ਚ ਉਨ੍ਹਾਂ ਦੇ ਦਾਖਲੇ ਨੂੰ ਲੈ ਕੇ ਫੈਸਲਾ ਲੈਣ ਦੀ ਤਾਰੀਕ ਨੂੰ ਅੱਗੇ ਵਧਾਉਂਦੇ ਰਹੇ। ਕਿਸ਼ੋਰ ਨੇ ਜੁਲਾਈ ਦੇ ਸ਼ੁਰੂ ’ਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਪਤਾ ਲੱਗਾ ਹੈ ਕਿ ਪ੍ਰਿਯੰਕਾ ਗਾਂਧੀ ਵਢੇਰਾ ਕਿਸ਼ੋਰ ਨੂੰ ਸ਼ਾਮਲ ਕਰਨਾ ਚਾਹੁੰਦੀ ਸੀ ਪਰ ਰਾਹੁਲ ਗਾਂਧੀ ਸਮਾਂ ਲੈ ਰਹੇ ਸਨ।

ਕਿਸ਼ੋਰ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਜਪਾ ਨਾਲ ਕੌੜੀ ਲੜਾਈ ’ਚ ਟੀ. ਐੱਮ. ਸੀ. ਨੇਤਾ ਮਮਤਾ ਬੈਨਰਜੀ ਦੀ ਵੱਡੀ ਜਿੱਤ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਕਾਂਪਾ ਮੁਖੀ ਸ਼ਰਦ ਪਵਾਰ ਨਾਲ ਵੀ ਮੁਲਾਕਾਤ ਕੀਤੀ, ਜੋ ਉਨ੍ਹਾਂ ਨਾਲ ਕੰਮ ਕਰਨ ਦੇ ਚਾਹਵਾਨ ਸਨ ਅਤੇ ਉਨ੍ਹਾਂ ਨੇ ਕੁਝ ਬੈਠਕਾਂ ਕੀਤੀਆਂ। ਕਿਸ਼ੋਰ ਆਂਧਰ ਪ੍ਰਦੇਸ਼ ’ਚ ਜਗਨ ਮੋਹਨ ਰੈੱਡੀ ਦੇ ਅਧਿਕਾਰਕ ਚੋਣ ਰਣਨੀਤੀਕਾਰ ਵੀ ਸਨ ਅਤੇ ਉਨ੍ਹਾਂ ਨੇ ਚੋਣਾਂ ’ਚ ਉਨ੍ਹਾਂ ਦੀ ਮਦਦ ਕੀਤੀ। ਉਹ 2017 ’ਚ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਵੀ ਸਨ ਅਤੇ ਉਨ੍ਹਾਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਜਿੱਤ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਹਾਲਾਂਕਿ ਉਹ ਇਕ ਰਾਸ਼ਟਰੀ ਪਾਰਟੀ ’ਚ ਇਕ ਭੂਮਿਕਾ ਦੀ ਭਾਲ ’ਚ ਸੀ ਅਤੇ ਉਨ੍ਹਾਂ ਦੀ ਗੱਲਬਾਤ ਗਾਂਧੀ ਪਰਿਵਾਰ ਨਾਲ ਚੰਗੀ ਤਰ੍ਹਾਂ ਅੱਗੇ ਵਧੀ ਪਰ ਏ. ਕੇ. ਐਂਟੋਨੀ ਸਮੇਤ ਸੀ. ਡਬਲਯੂ. ਸੀ. ਦੇ ਕਈ ਮੈਂਬਰਾਂ ਨੇ ਉਨ੍ਹਾਂ ਲਈ ਇਕ ਅਹੁਦਾ ਤਿਆਰ ਕਰਨ ’ਤੇ ਗੰਭੀਰ ਇਤਰਾਜ਼ ਜਤਾਇਆ। ਕਿਸ਼ੋਰ ਦੀ ਕੰਪਨੀ ਆਈ-ਪੈਕ ਮਮਤਾ ਬੈਨਰਜੀ ਲਈ ਕੰਮ ਕਰ ਰਹੀ ਹੈ ਅਤੇ ਉਸ ਦਾ 2026 ਤੱਕ ਟੀ. ਐੱਮ. ਸੀ. ਨਾਲ ਕਰਾਰ ਹੈ। ਕਿਸ਼ੋਰ ਵੀ ਹੁਣ ਕੋਲਕਾਤਾ ’ਚ ਵੋਟਰ ਦੇ ਰੂਪ ’ਚ ਰਜਿਸਟਰਡ ਹੋ ਗਏ ਹਨ, ਹਾਲਾਂਕਿ ਉਹ ਦਿੱਲੀ ਦੇ ਨਿਵਾਸੀ ਹਨ।

2014 ’ਚ ਮੋਦੀ ਦੀ ਵੱਡੀ ਜਿੱਤ ਤੋਂ ਬਾਅਦ ਕਿਸ਼ੋਰ ਦੇ ਭਾਜਪਾ ਨਾਲ ਸਬੰਧ ਖਰਾਬ ਹੋ ਗਏ ਸਨ। ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂਨਾਈਟਿਡ) ਨਾਲ ਵੀ ਉਨ੍ਹਾਂ ਦਾ ਸਾਥ ਜ਼ਿਆਦਾ ਸਮੇਂ ਤੱਕ ਨਿਭ ਨਹੀਂ ਸਕਿਆ ਸੀ।


author

Rakesh

Content Editor

Related News