ਪ੍ਰਣਬ ਮੁਖਰਜੀ ਦੇ ਗੁਰਦੇ ਸੰਬੰਧੀ ਮਾਨਕਾਂ ''ਚ ਸੁਧਾਰ ਪਰ ਹੁਣ ਵੀ ਕੋਮਾ ''ਚ

08/29/2020 2:49:12 PM

ਨਵੀਂ ਦਿੱਲੀ- ਸਾਬਕਾ ਰਾਸ਼ਟਰੀ ਪ੍ਰਣਬ ਮੁਖਰਜੀ ਹਾਲੇ ਵੀ ਕੋਮਾ 'ਚ ਹਨ ਅਤੇ ਵੈਂਟੀਲੇਟਰ 'ਤੇ ਹਨ ਪਰ ਉਨ੍ਹਾਂ ਦੇ ਗੁਰਦੇ ਸੰਬੰਧੀ ਮਾਨਕਾਂ 'ਚ ਸੁਧਾਰ ਹੋਇਆ ਹੈ। ਹਸਪਤਾਲ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਖਰਜੀ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਖੂਨ ਸਪਲਾਈ ਸੰਬੰਧੀ ਕ੍ਰਿਆਵਾਂ ਸਥਿਰ (ਹਿਮੋਡਾਇਨੇਮਿਕਲੀ ਸਟੇਬਲ) ਹਨ ਅਤੇ ਉਨ੍ਹਾਂ ਦੇ ਫੇਫੜਿਆਂ ਦੇ ਇਨਫੈਕਸ਼ਨ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਨੂੰ 'ਹਿਮੋਡਾਇਨੇਮਿਕਲੀ ਸਟੇਬਲ' ਉਦੋਂ ਕਿਹਾ ਜਾਂਦਾ ਹੈ, ਜਦੋਂ ਉਸ ਦੇ ਖੂਨ ਸਪਲਾਈ ਮਾਨਕ- ਦਿਲ ਅਤੇ ਨਬਜ਼ ਦੀ ਰਫ਼ਤਾਰ ਸਥਿਰ ਅਤੇ ਆਮ ਹੋਵੇ।

ਸਾਬਕਾ ਰਾਸ਼ਟਰਪਤੀ ਨੂੰ 10 ਅਗਸਤ ਨੂੰ ਇੱਥੇ ਫੌਜ ਦੇ ਰਿਸਰਚ ਐਂਡ ਰੈਫਰੇਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੇ ਦਿਮਾਗ਼ ਦੀ ਸਰਜਰੀ ਕੀਤੀ ਗਈ ਸੀ। ਉਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਵੀ ਹੋਈ ਸੀ। ਬਾਅਦ 'ਚ ਉਨ੍ਹਾਂ ਦੇ ਫੇਫੜਿਆਂ 'ਚ ਵੀ ਇਨਫੈਕਸ਼ਨ ਹੋ ਗਿਆ। ਹਸਪਤਾਲ ਨੇ ਇਕ ਬਿਆਨ 'ਚ ਕਿਹਾ,''ਸ਼੍ਰੀ ਪ੍ਰਣਬ ਮੁਖਰਜੀ ਦੇ ਫੇਫੜਿਆਂ ਦੇ ਇਨਫੈਕਸ਼ਨ ਦਾ ਇਲਾਜ ਚੱਲ ਰਿਹਾ। ਉਨ੍ਹਾਂ ਦੇ ਗੁਰਦਿਆਂ ਸੰਬੰਧੀ ਮਾਨਕਾਂ 'ਚ ਸੁਧਾਰ ਆਇਆ ਹੈ। ਉਹ ਹੁਣ ਵੀ ਕੋਮਾ 'ਚ ਹਨ ਅਤੇ ਜੀਵਨ ਰੱਖਿਅਕ ਪ੍ਰਣਾਲੀ 'ਤੇ ਹੀ ਹਨ। ਉਹ 'ਹਿਮੋਡਾਇਨੇਮਿਕਲੀ' ਸਥਿਰ ਹੈ।'' ਮੁਖਰਜੀ ਭਾਰਤ ਦੇ 13ਵੇਂ ਰਾਸ਼ਟਰਪਤੀ ਸਨ ਅਤੇ 2012 ਤੋਂ 2017 ਤੱਕ ਰਾਸ਼ਟਰਪਤੀ ਅਹੁਦੇ 'ਤੇ ਰਹੇ।


DIsha

Content Editor

Related News