ਜਾਵਡੇਕਰ ਬੋਲੇ- ਖੇਤੀ ਕਾਨੂੰਨ ਨੂੰ ਮਿਲਿਆ ਭਰਵਾਂ ਹੁੰਗਾਰਾ, ਸਿਰਫ ਪੰਜਾਬ ''ਚ ਵਿਰੋਧ ਪ੍ਰਦਰਸ਼ਨ

10/03/2020 4:44:57 PM

ਪਣਜੀ (ਭਾਸ਼ਾ)— ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸ਼ਨੀਵਾਰ ਯਾਨੀ ਕਿ ਅੱਜ ਕਿਹਾ ਕਿ ਨਵੇਂ ਬਣਾਏ ਗਏ ਖੇਤੀ ਕਾਨੂੰਨ ਨੂੰ ਕਿਸਾਨੀ ਭਾਈਚਾਰੇ ਵਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਛੱਡ ਕੇ ਦੇਸ਼ ਦੇ ਕਿਸੇ ਵੀ ਹਿੱਸੇ 'ਚ ਇਨ੍ਹਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਦੀ ਖ਼ਬਰ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ 'ਚ ਹੋਏ ਵਿਰੋਧ ਪ੍ਰਦਰਸ਼ਨਾਂ ਪਿੱਛੇ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਰਗੀਆਂ ਪਾਰਟੀਆਂ ਦੇ ਆਪਣੇ ਸਿਆਸੀ ਹਿੱਤ ਹਨ। 

ਦਰਅਸਲ ਖੇਤੀ ਕਾਨੂੰਨ ਬਾਰੇ ਜਾਗਰੂਕਤਾ ਫੈਲਾਉਣ ਦੀ ਭਾਜਪਾ ਦੀ ਪਹਿਲ ਤਹਿਤ ਜਾਵਡੇਕਰ ਉੱਤਰੀ ਗੋਆ ਦੇ ਚੋਰਾਓ ਪਿੰਡ ਵਿਚ ਕਿਸਾਨਾਂ ਦੇ ਇਕ ਸਮੂਹ ਨੂੰ ਸੰਬੋਧਨ ਕਰ ਰਹੇ ਸਨ। ਕਿਸਾਨਾਂ ਨੂੰ ਆਪਣੇ ਸੰਖੇਪ ਭਾਸ਼ਣ 'ਚ ਵਾਤਾਵਰਣ ਮੰਤਰੀ ਜਾਵਡੇਕਰ ਨੇ ਕਿਹਾ ਕਿ ਖੇਤੀ ਕਾਨੂੰਨ ਵਿਰੁੱਧ ਪੰਜਾਬ ਤੋਂ ਇਲਾਵਾ ਦੇਸ਼ ਵਿਚ ਕਿਤੇ ਵੀ ਪ੍ਰਦਰਸ਼ਨ ਨਹੀਂ ਹੋਏ ਹਨ। ਤੁਹਾਨੂੰ ਸਿਆਸੀ ਏਜੰਡੇ ਤਹਿਤ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਕਾਨੂੰਨ ਨੂੰ ਦੇਸ਼ ਭਰ ਦੇ ਕਿਸਾਨੀ ਭਾਈਚਾਰਿਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਜਾਵਡੇਕਰ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦਾ ਟੀਚਾ ਸਾਰੇ ਕਿਸਾਨਾਂ ਨੂੰ ਇਨਸਾਫ਼ ਦੇਣਾ ਹੈ, ਜੋ ਪਿਛਲੇ ਸਮੇਂ ਵਿਚ ਆਪਣੇ ਅਧਿਕਾਰਾਂ ਤੋਂ ਵਾਂਝੇ ਸਨ। ਉਨ੍ਹਾਂ ਕਿਹਾ ਕਿ ਪਾਰਟੀ ਨੇਤਾ ਦੇਸ਼ ਭਰ ਵਿਚ ਇਸ ਮੁੱਦੇ 'ਤੇ ਛੋਟੀਆਂ ਸਭਾਵਾਂ ਕਰ ਰਹੇ ਹਨ, ਕਿਉਂਕਿ ਮਹਾਮਾਰੀ ਕਾਰਨ ਵੱਡੀਆਂ ਜਨ ਸਭਾਵਾਂ ਦੀ ਇਜਾਜ਼ਤ ਨਹੀਂ ਹੈ। 

ਇਸ ਦੇ ਨਾਲ ਹੀ ਉਨ੍ਹਾਂ ਨੇ ਰਾਕਾਂਪਾ ਪ੍ਰਧਾਨ ਅਤੇ ਸਾਬਕਾ ਖੇਤੀਬਾੜੀ ਮੰਤਰੀ ਸ਼ਰਦ ਪਵਾਰ 'ਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ 'ਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਕਮੇਟੀ ਨੇ ਕਿਸਾਨਾਂ ਦੇ ਹਿੱਤ ਵਿਚ ਕਈ ਸਿਫ਼ਾਰਸ਼ਾਂ ਕੀਤੀਆਂ ਸਨ। ਜਾਵਡੇਕਰ ਨੇ ਕਿਹਾ ਕਿ ਪਵਾਰ ਜਦੋਂ ਖੇਤੀਬਾੜੀ ਮੰਤਰੀ ਸਨ ਤਾਂ ਮੈਂ ਰਾਜ ਸਭਾ ਵਿਚ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਦਾ ਮੁੱਦਾ ਚੁੱਕਿਆ ਸੀ ਪਰ ਉਹ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨ 'ਚ ਨਾਕਾਮ ਰਹੇ। 
ਦੱਸਣਯੋਗ ਹੈ ਕਿ ਸੰਸਦ 'ਚ ਪਾਸ ਹੋਏ ਤਿੰਨ ਖੇਤੀ ਬਿੱਲਾਂ ਨੂੰ ਰਾਸ਼ਟਰਪਤੀ ਕੋਵਿੰਦ ਵਲੋਂ ਹਾਲ ਹੀ 'ਚ ਮਨਜ਼ੂਰੀ ਦਿੱਤੀ ਗਈ ਹੈ। ਇਹ ਬਿੱਲ ਸਰਕਾਰ ਵਲੋਂ ਜੂਨ ਵਿਚ ਜਾਰੀ ਕੀਤੇ ਗਏ ਆਰਡੀਨੈਂਸਾਂ ਦੀ ਥਾਂ ਲੈਣਗੇ। ਇਹ ਤਿੰਨ ਬਿੱਲ ਹਨ— ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰਮੋਸ਼ਨ ਤੇ ਸਹੂਲਤ) ਬਿੱਲ 2020, ਕੀਮਤ ਭਰੋਸਾ ਕਰਾਰ ਤੇ ਖੇਤੀ ਸੇਵਾਵਾਂ ਬਿੱਲ 2020 ((ਸਸ਼ਕਤੀਕਰਨ ਤੇ ਸੁਰੱਖਿਆ), ਜ਼ਰੂਰੀ ਵਸਤਾਂ (ਸੋਧ) ਬਿੱਲ 2020 ਹਨ।


Tanu

Content Editor

Related News