ਮੋਦੀ ਸਰਕਾਰ ਦੇ 50 ਦਿਨਾਂ ''ਚ ਨਜ਼ਰ ਆਇਆ ਵਿਕਾਸ : ਜਾਵਡੇਕਰ

Monday, Jul 22, 2019 - 02:00 PM (IST)

ਮੋਦੀ ਸਰਕਾਰ ਦੇ 50 ਦਿਨਾਂ ''ਚ ਨਜ਼ਰ ਆਇਆ ਵਿਕਾਸ : ਜਾਵਡੇਕਰ

ਨਵੀਂ ਦਿੱਲੀ (ਭਾਸ਼ਾ)— ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ 50 ਦਿਨਾਂ ਵਿਚ 'ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ' ਦਿਖਾਈ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਕਿਸਾਨ, ਨੌਜਵਾਨ, ਮਜ਼ਦੂਰ, ਮੱਧ ਵਰਗ, ਅਰਥਵਿਵਸਥਾ ਅਤੇ ਸਮਾਜਿਕ ਨਿਆਂ ਸੰਬੰਧੀ ਭਾਜਪਾ ਦੇ ਸੰਕਲਪ ਪੱਤਰ 'ਤੇ ਅਮਲ ਦਾ ਖਾਕਾ ਤਿਆਰ ਹੋਇਆ ਹੈ। ਜਾਵਡੇਕਰ ਨੇ ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਕਿਸਾਨ, ਨੌਜਵਾਨ, ਮਜ਼ਦੂਰ, ਮੱਧ ਵਰਗ, ਕਾਰੋਬਾਰੀ, ਨਵੀਂ ਸ਼ੋਧ, ਭਾਰਤ ਨੂੰ ਅੱਗੇ ਲੈ ਕੇ ਜਾਣ, ਗੁਆਂਢੀਆਂ ਨਾਲ ਭਾਰਤ ਦੇ ਰਿਸ਼ਤੇ, ਸਾਧਨਾਂ ਦਾ ਵਿਕਾਸ, ਭ੍ਰਿਸ਼ਟਾਚਾਰ ਵਿਰੁੱਧ ਲੜਾਈ ਅਤੇ ਸਮਾਜਿਕ ਨਿਆਂ 50 ਦਿਨ ਦੀਆਂ ਮੁੱਖ ਗੱਲਾਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸੱਤਾ ਸੰਭਾਲਦੇ ਹੀ 'ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ' 'ਤੇ ਜ਼ੋਰ ਦਿੱਤਾ ਸੀ ਅਤੇ 50 ਦਿਨ ਵਿਚ ਇਹ ਸਭ ਨੂੰ ਦਿਖਾਈ ਦੇ ਰਿਹਾ ਹੈ। 

ਸਪੀਡ, ਸਕੇਲ ਅਤੇ ਸਕਿੱਲ (ਗਤੀ, ਮਾਤਰਾ ਅਤੇ ਹੁਨਰ) ਤਿੰਨਾਂ ਦੇ ਦਰਸ਼ਨ ਹੋਏ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਚੰਦਰਯਾਨ-2 ਦੀ ਲਾਂਚਿੰਗ ਹੋਵੇਗੀ ਅਤੇ ਸਫਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਸਾਰੇ ਕਿਸਾਨਾਂ ਨੂੰ 6,000 ਰੁਪਏ ਮਿਲਣਗੇ ਅਤੇ ਕਿਸੇ ਨੂੰ ਛੱਡਿਆ ਨਹੀਂ ਜਾਵੇਗਾ। ਕਿਸਾਨਾਂ ਨੂੰ ਉਤਪਾਦਨ ਦਾ ਡੇਢ ਗੁਣਾ ਸਮਰਥਨ ਮੁੱਲ ਮਿਲਣ ਲੱਗਾ ਹੈ। ਜਾਵਡੇਕਰ ਨੇ ਕਿਹਾ ਕਿ ਇਸ ਤੋਂ ਇਲਾਵਾ ਕਿਸਾਨਾਂ, ਕਾਰੋਬਾਰੀਆਂ ਨੂੰ ਪੈਨਸ਼ਨ ਮਹੱਤਵਪੂਰਨ ਪਹਿਲ ਹੈ। ਮੱਧ ਵਰਗ ਨੂੰ 5 ਲੱਖ ਤਕ ਦੀ ਆਮਦਨ 'ਤੇ ਆਮਦਨ ਟੈਕਸ ਨਹੀਂ ਭਰਨਾ ਪਵੇਗਾ। ਨਿਵੇਸ਼ ਲਈ ਵਿਸ਼ੇਸ਼ ਵਿਵਸਥਾਵਾਂ ਕੀਤੀਆਂ ਗਈਆਂ ਹਨ, ਤਾਂ ਕਿ ਵੱਧ ਤੋਂ ਵੱਧ ਨਿਵੇਸ਼ ਆਕਰਸ਼ਿਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਗੰਭੀਰਤਾ ਅਤੇ ਮਜ਼ਬੂਤੀ ਨਾਲ ਕੰਮ ਹੋਇਆ ਹੈ ਅਤੇ ਵੱਖਵਾਦੀਆਂ ਨੂੰ ਅਲੱਗ-ਥਲੱਗ ਕੀਤਾ ਗਿਆ ਹੈ। ਗੁਆਂਢੀ ਦੇਸ਼ਾਂ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਕੰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਘਰ ਤਕ ਪਾਣੀ ਅਤੇ ਇਸ ਲਈ ਵੱਖ ਤੋਂ ਜਲ ਸ਼ਕਤੀ ਮੰਤਰਾਲਾ ਬਣਾਉਣਾ ਅਤੇ ਹੜ੍ਹ ਕੰਟਰੋਲ ਦੀ ਪਹਿਲ ਮਹੱਤਵਪੂਰਨ ਕਦਮ ਹੈ। ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦੇ ਕਦਮਾਂ ਦਾ ਜ਼ਿਕਰ ਕਰਦੇ ਹੋਏ ਜਾਵਡੇਕਰ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ੀ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਗਿਆ ਹੈ, ਬੇਨਾਮੀ ਜਾਇਦਾਦ 'ਤੇ ਰੋਕ ਲਾਉਣ ਦੀ ਪਹਿਲ ਕੀਤੀ ਗਈ ਹੈ। ਬੱਚਿਆਂ ਵਿਰੁੱਧ ਅਪਰਾਧ ਨਾਲ ਨਜਿੱਠਣ ਨਾਲ ਸੰਬੰਧਤ ਕਾਨੂੰਨ ਨੂੰ ਸਖਤ ਬਣਾਇਆ ਗਿਆ ਹੈ।


author

Tanu

Content Editor

Related News