ਪ੍ਰਦੁਮਨ ਕਤਲ ਕੇਸ ਹੋਇਆ ਹੋਰ ਗੁੰਝਲਦਾਰ, ਸੀ.ਬੀ.ਆਈ. ''ਤੇ ਲੱਗੇ ਜ਼ਬਰਦਸਤ ਦੋਸ਼

11/15/2017 8:25:29 AM

ਗੁਰੂਗਰਾਮ — ਪ੍ਰਦੁਮਨ ਕਤਲ ਕੇਸ ਦੀ ਗੁੱਥੀ ਹੱਲ ਹੋਣ ਦੀ ਬਜਾਏ ਦਿਨੋਂ-ਦਿਨ ਗੁੰਝਲਦਾਰ ਹੁੰਦੀ ਜਾ ਰਹੀ ਹੈ। ਦੋਸ਼ੀ ਵਿਦਿਆਰਥੀ ਨੇ ਸੀ.ਬੀ.ਆਈ. ਨੂੰ ਹੀ ਕਟਹਿਰੇ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਮੁਲਜ਼ਮ ਵਿਦਿਆਰਥੀ ਦਾ ਕਹਿਣਾ ਹੈ ਕਿ ਸੀ.ਬੀ.ਆਈ. ਨੇ ਧਮਕੀ ਦੇ ਕੇ ਉਸ ਤੋਂ ਇਕਬਾਲਿਆ ਜੁਰਮ ਕਰਵਾਇਆ ਹੈ। ਸੋਮਵਾਰ ਨੂੰ ਉਸਨੇ ਕਿਹਾ ਕਿ ਸੀ.ਬੀ.ਆਈ. ਵਾਲਿਆਂ ਨੇ ਉਸਨੂੰ ਕਿਹਾ ਸੀ ਕਿ ਜੁਰਮ ਨਹੀਂ ਕਬੂਲਿਆ ਤਾਂ ਤੇਰੇ ਭਰਾ ਦਾ ਕਤਲ ਕਰ ਦਿਆਂਗੇ। ਇਸ ਕਾਰਨ ਉਸਨੇ ਉਹ ਹੀ ਕਿਹਾ ਜੋ ਕਿ ਸੀ.ਬੀ.ਆਈ. ਨੇ ਕਿਹਾ ਸੀ।
ਸੀ.ਬੀ.ਆਈ. ਦੀ ਥਿਊਰੀ ਅਤੇ ਦੋਸ਼ੀ ਦੇ ਬਿਆਨ 'ਚ ਫਰਕ
ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸੀ.ਬੀ.ਆਈ. ਦੇ ਡੀ.ਐੱਸ.ਪੀ., ਏ.ਕੇ. ਬੱਸੀ ਹਰਿਆਣਾ ਨੰਬਰ ਦੀ ਟਵੇਰਾ ਗੱਡੀ 'ਚ ਜੁਵੇਨਾਇਲ ਕੋਰਟ ਪੁੱਜੇ। ਉਨ੍ਹਾਂ ਦੇ ਨਾਲ ਗੁੜਗਾਓਂ ਦੀ ਬਾਲ ਸੁਰੱਖਿਆ ਅਤੇ ਭਲਾਈ ਅਫਸਰ(ਸੀ.ਪੀ.ਡਬਲਿਊ.ਓ.) ਰੀਨੂ ਸੈਣੀ ਵੀ ਮੌਜੂਦ ਸੀ। ਰੀਨੂ ਨੇ ਦੋਸ਼ੀ ਵਿਦਿਆਰਥੀ ਨਾਲ ਇਕ ਵੱਖ ਕਮਰੇ 'ਚ 2 ਘੰਟੇ ਤੱਕ ਗੱਲਬਾਤ ਕੀਤੀ ਤਾਂ ਜੋ ਦੋਸ਼ੀ ਵਿਦਿਆਰਥੀ ਦੀ ਦਿਮਾਗੀ ਹਾਲਤ ਅਤੇ ਘਟਨਾ ਬਾਰੇ ਜਾਣਕਾਰੀ ਲਈ ਜਾ ਸਕੇ।
ਦੋਸ਼ੀ ਨੇ ਰੀਨੂ ਨੂੰ ਜੋ ਦੱਸਿਆ, ਉਹ ਸੀ.ਬੀ.ਆਈ. ਦੀ ਥਿਊਰੀ ਅਤੇ ਗ੍ਰਿਫਤਾਰੀ ਦੇ ਅਧਾਰ ਤੋਂ ਬਿਲਕੁੱਲ ਵੱਖ ਹੈ।

ਸੀ.ਬੀ.ਆਈ. ਨੇ ਦੋਸ਼ ਕਬੂਲ ਕਰਨ ਦੀ ਦਿੱਤੀ ਧਮਕੀ : ਦੋਸ਼ੀ ਵਿਦਿਆਰਥੀ
ਮੁਲਜ਼ਮ ਵਿਦਿਆਰਥੀ ਨੇ ਦੱਸਿਆ ਕਿ ਸੀ.ਬੀ.ਆਈ. ਨੇ ਕਿਹਾ ਸੀ ਕਿ ਦੋਸ਼ ਤਾਂ ਤੇਨੂੰ ਕਬੂਲ ਕਰਨਾ ਹੀ ਪਵੇਗਾ। ਜੇਕਰ ਇਸ ਤਰ੍ਹਾਂ ਨਾ ਕੀਤਾ ਤਾਂ ਤੇਰੇ ਭਰਾ ਦਾ ਕਤਲ ਕਰ ਦਿਆਂਗੇ। ਕਾਉਂਸਲਿੰਗ ਦੇ ਦੌਰਾਨ ਦੋਸ਼ੀ ਵਿਦਿਆਰਥੀ ਨੇ ਸੈਣੀ ਨੂੰ ਕਿਹਾ ਕਿ 'ਮੈਂ ਆਪਣੇ ਭਰਾ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਉਸਨੂੰ ਮਰਦਾ ਹੋਇਆ ਨਹੀਂ ਦੇਖ ਸਕਦਾ।'
ਦੋਸ਼ੀ ਵਿਦਿਆਰਥੀ ਨੇ ਪ੍ਰਦੁਮਨ ਦੇ ਕਤਲ ਕਰਨ ਤੋਂ ਕੀਤਾ ਨਾਂਹ
ਦੋਸ਼ੀ ਵਿਦਿਆਰਥੀ ਨੇ ਦੱਸਿਆ ਕਿ ਉਸਨੇ ਪ੍ਰਦੁਮਨ ਦਾ ਕਤਲ ਨਹੀਂ ਕੀਤਾ ਹੈ। ਸੀ.ਬੀ.ਆਈ. ਵਾਲਿਆਂ ਨੇ ਜ਼ਬਰਦਸਤੀ ਉਸ ਤੋਂ ਜ਼ੁਰਮ ਕਬੂਲ ਕਰਵਾਇਆ ਹੈ। ਉਸਨੇ ਦੱਸਿਆ ਕਿ ਸੀ.ਬੀ.ਆਈ. ਵਾਲਿਆਂ ਨੇ ਉਸਨੂੰ ਡਰਾਇਆ ਅਤੇ ਧਮਕਾਇਆ ਜਿਸ ਕਾਰਨ ਉਸਨੇ ਜੁਰਮ ਕਬੂਲ ਕੀਤਾ ਸੀ। ਸੈਣੀ ਨੇ ਦੋਸ਼ੀ ਵਿਦਿਆਰਥੀ ਦੇ ਬਿਆਨ ਨੂੰ ਲਿਖ ਲਿਆ ਹੈ। ਇਹ ਲਿਖਿਤ ਰਿਪੋਰਟ ਚੋਟੀ ਦੇ ਅਫਸਰਾਂ ਤੋਂ ਇਲਾਵਾ ਜੁਵੇਨਾਇਲ ਜਸਟਿਸ ਬੋਰਡ ਦੇ ਪ੍ਰਿਸੀਪਲ ਮੈਜਿਸਟ੍ਰੇਟ ਦੇ ਸਾਹਮਣੇ ਰੱਖੀ ਜਾਵੇਗੀ।
ਵਿਦਿਆਰਥੀ ਨੂੰ ਮਿਲੇ ਪਰਿਵਾਰ ਵਾਲੇ
ਸੋਮਵਾਰ ਨੂੰ ਸੀ.ਬੀ.ਆਈ. ਦੀ ਮੌਜੂਦਗੀ 'ਚ ਵਿਦਿਆਰਥੀ ਦੀ ਉਸਦੇ ਮਾਤਾ-ਪਿਤਾ ਅਤੇ ਭਰਾ ਨਾਲ ਮੁਲਾਕਾਤ ਕਰਵਾਈ ਗਈ। ਪਰਿਵਾਰ ਵਾਲੇ ਤਿੰਨ ਘੰਟੇ ਤੱਕ ਉਸ ਨਾਲ ਰਹੇ। ਇਸ ਦੌਰਾਨ ਵਿਦਿਆਰਥੀ ਦੀ ਮਾਂ ਆਪਣੇ ਬੇਟੇ ਨਾਲ ਲਿਪਟ ਕੇ ਰੌਂਦੀ ਰਹੀ। ਛੋਟਾ ਭਰਾ ਵੀ ਮਾਂ ਅਤੇ ਭਰਾ ਨੂੰ ਰੌਂਦਾ ਹੋਇਆ ਦੇਖ ਕੇ ਆਪਣੇ ਅੱਥਰੂ ਨਹੀਂ ਰੋਕ ਸਕਿਆ।
 


Related News