PPE ਕਿੱਟ ਪਹਿਨ ਕੇ ਸੋਨੇ-ਚਾਂਦੀ ਦੀ ਦੁਕਾਨ 'ਤੇ ਚੋਰਾਂ ਦਾ ਧਾਵਾ, ਗਹਿਣੇ ਲੁੱਟ ਕੇ ਹੋਏ ਫਰਾਰ
Tuesday, Jul 07, 2020 - 02:31 PM (IST)
ਸਿਤਾਰਾ (ਭਾਸ਼ਾ)— ਚੋਰਾਂ ਵਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਕਈ ਤਰੀਕੇ ਅਪਣਾਏ ਜਾਂਦੇ ਹਨ। ਚੋਰਾਂ ਬਾਰੇ ਚਿਹਰੇ ਨੂੰ ਢੱਕ ਕੇ ਚੋਰੀਆਂ ਦੀਆਂ ਘਟਨਾਵਾਂ ਬਾਰੇ ਤਾਂ ਸੁਣਿਆ ਹੋਵੇਗਾ ਪਰ ਮਹਾਰਾਸ਼ਟਰ ਦੇ ਸਿਤਾਰਾ ਜ਼ਿਲ੍ਹੇ 'ਚ ਨਿੱਜੀ ਸੁਰੱਖਿਆ ਉਪਕਰਨ (ਪੀ.ਪੀ.ਈ.) ਪਹਿਨੇ ਚੋਰਾਂ ਨੇ ਇਕ ਗਹਿਣਿਆਂ ਦੀ ਦੁਕਾਨ 'ਚ ਚੋਰੀ ਕੀਤੀ ਅਤੇ ਉੱਥੋਂ ਸੋਨੇ ਦੇ ਗਹਿਣੇ ਲੈ ਕੇ ਰਫੂ-ਚੱਕਰ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪਲਟਨ ਖੇਤਰ ਵਿਚ ਸਥਿਤ ਇਕ ਦੁਕਾਨ ਦੇ ਸੀ. ਸੀ. ਟੀ. ਵੀ. ਫੁਟੇਜ਼ 'ਚ ਚੋਰ ਅਲਮਾਰੀ ਅਤੇ ਸ਼ੋਕੇਸ ਤੋਂ ਸੋਨੇ ਦੇ ਗਹਿਣੇ ਚੋਰੀ ਕਰਦੇ ਹੋਏ ਨਜ਼ਰ ਆਏ।
ਪੁਲਸ ਮੁਤਾਬਕ ਦੋ ਦਿਨ ਪਹਿਲਾਂ ਹੋਈ ਇਸ ਘਟਨਾ ਦੀ ਫੁਟੇਜ਼ 'ਚ ਚੋਰ ਟੋਪੀ, ਮਾਸਕ, ਪਲਾਸਟਿਕ ਦੀ ਜੈਕਟ ਅਤੇ ਦਸਤਾਨੇ ਪਹਿਨ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਦਿੱਸ ਰਹੇ ਹਨ। ਪੁਲਸ ਨੇ ਅੱਗੇ ਦੱਸਿਆ ਕਿ ਗਹਿਣਿਆਂ ਦੀ ਦੁਕਾਨ ਦੇ ਮਾਲਕ ਦੀ ਸ਼ਿਕਾਇਤ ਦੇ ਆਧਾਰ 'ਤੇ ਪਲਟਨ ਪੁਲਸ ਥਾਣੇ ਵਿਚ ਇਕ ਮਾਮਲਾ ਦਰਜ ਕੀਤਾ ਗਿਆ ਹੈ। ਦੁਕਾਨ ਦੇ ਮਾਲਕ ਮੁਤਾਬਕ ਚੋਰ ਕੰਧ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ 78 ਕਿਲੋ ਸੋਨਾ ਚੋਰੀ ਕਰ ਕੇ ਲੈ ਗਏ।