ਭੂਚਾਲ ਨਾਲ ਡਿੱਗੀਆਂ ਬਹੁ-ਮੰਜ਼ਿਲਾ ਇਮਾਰਤਾਂ, ਐਮਰਜੈਂਸੀ ਦਾ ਐਲਾਨ
Friday, Mar 28, 2025 - 04:23 PM (IST)

ਬੈਂਕਾਕ- ਥਾਈਲੈਂਡ ਅਤੇ ਗੁਆਂਢੀ ਮਿਆਂਮਾਰ 'ਚ ਸ਼ੁੱਕਰਵਾਰ ਦੁਪਹਿਰ ਨੂੰ 7.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਉਸਾਰੀ ਅਧੀਨ ਇਕ ਬਹੁ-ਮੰਜ਼ਿਲਾ ਇਮਾਰਤ ਢਹਿ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਭੂਚਾਲ ਕਾਰਨ ਸੰਭਾਵਿਤ ਜਾਨੀ ਨੁਕਸਾਨ ਦੀ ਗਿਣਤੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮਿਆਂਮਾਰ ਨੇ ਭੂਚਾਲ ਦੀ ਵਜ੍ਹਾ ਤੋਂ ਐਮਰਜੈਂਸੀ ਦਾ ਐਲਾਨ ਕੀਤਾ ਹੈ। ਮਿਆਂਮਾਰ ਵਿਚ ਭੂਚਾਲ ਕਾਰਨ 20 ਲੋਕਾਂ ਦੀ ਮੌਤ ਦੀ ਖ਼ਬਰ ਹੈ।
ਇਹ ਵੀ ਪੜ੍ਹੋ- ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਘਰਾਂ 'ਚੋਂ ਬਾਹਰ ਆਏ ਲੋਕ
ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਇਕ ਵੀਡੀਓ ਵਿਚ ਇਕ ਬਹੁ-ਮੰਜ਼ਿਲਾ ਇਮਾਰਤ ਜਿਸ ਦੇ ਉੱਪਰ ਕ੍ਰੇਨ ਸੀ, ਧੂੜ ਦੇ ਗੁਬਾਰ ਨਾਲ ਡਿੱਗਦੀ ਦਿਖਾਈ ਦੇ ਰਹੀ ਹੈ ਜਦੋਂ ਉੱਥੇ ਮੌਜੂਦ ਲੋਕ ਚੀਕਦੇ ਹੋਏ ਭੱਜਦੇ ਹਨ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਤੇ ਜਰਮਨੀ ਦੇ GFZ ਭੂ-ਵਿਗਿਆਨ ਕੇਂਦਰ ਨੇ ਕਿਹਾ ਕਿ ਭੂਚਾਲ ਦੁਪਹਿਰ ਨੂੰ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ 'ਚ ਆਇਆ, ਇਸ ਦਾ ਕੇਂਦਰ ਗੁਆਂਢੀ ਮਿਆਂਮਾਰ ਵਿਚ ਸੀ। ਫੇਸਬੁੱਕ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਵੀਡੀਓ ਅਤੇ ਤਸਵੀਰਾਂ ਮੁਤਾਬਕ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਅਤੇ ਭੂਚਾਲ ਦੇ ਕੇਂਦਰ ਦੇ ਨੇੜੇ ਮਾਂਡਲੇ 'ਚ ਸਾਬਕਾ ਸ਼ਾਹੀ ਮਹਿਲ ਅਤੇ ਇਮਾਰਤਾਂ ਦੇ ਕੁਝ ਹਿੱਸੇ ਨੁਕਸਾਨੇ ਗਏ। ਹਾਲਾਂਕਿ ਇਹ ਸ਼ਹਿਰ ਭੂਚਾਲ-ਸੰਭਾਵੀ ਖੇਤਰ ਵਿਚ ਹੈ, ਇਹ ਆਮ ਤੌਰ 'ਤੇ ਬਹੁਤ ਘੱਟ ਆਬਾਦੀ ਵਾਲਾ ਹੁੰਦਾ ਹੈ ਅਤੇ ਜ਼ਿਆਦਾਤਰ ਘਰ ਘੱਟ ਉੱਚੇ ਹੁੰਦੇ ਹਨ। ਮਾਂਡਲੇ ਦੇ ਦੱਖਣ-ਪੱਛਮ 'ਚ ਸਾਗਾਇੰਗ ਖੇਤਰ 'ਚ 90 ਸਾਲ ਪੁਰਾਣਾ ਪੁਲ ਢਹਿ ਗਿਆ ਅਤੇ ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਅਤੇ ਯਾਂਗੂਨ ਨੂੰ ਜੋੜਨ ਵਾਲੇ ਹਾਈਵੇਅ ਦੇ ਕੁਝ ਹਿੱਸੇ ਵੀ ਨੁਕਸਾਨੇ ਗਏ।
ਇਹ ਵੀ ਪੜ੍ਹੋ- ਭੂਚਾਲ ਨਾਲ ਦਹਿਲ ਗਏ ਥਾਈਲੈਂਡ ਅਤੇ ਮਿਆਂਮਾਰ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ
ਭੂਚਾਲ ਕਾਰਨ ਯੰਗੂਨ ਦੇ ਵਾਸੀ ਘਰਾਂ ਤੋਂ ਬਾਹਰ ਆ ਗਏ। ਮਿਆਂਮਾਰ ਦੀ ਰਾਜਧਾਨੀ ਨਏਪੀਤਾਵ ਵਿਚ ਭੂਚਾਲ ਕਾਰਨ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਿਆ, ਉਨ੍ਹਾਂ ਦੇ ਕੁਝ ਹਿੱਸੇ ਢਹਿ ਗਏ ਅਤੇ ਕੁਝ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਜਦੋਂ ਦੁਪਹਿਰ 1:30 ਵਜੇ ਦੇ ਕਰੀਬ ਬੈਂਕਾਕ ਵਿਚ ਭੂਚਾਲ ਆਇਆ, ਤਾਂ ਇਮਾਰਤਾਂ ਵਿਚ ਚਿਤਾਵਨੀ ਅਲਾਰਮ ਵੱਜਿਆ ਅਤੇ ਘਬਰਾਏ ਹੋਏ ਨਿਵਾਸੀ ਉੱਚੀਆਂ ਇਮਾਰਤਾਂ ਅਤੇ ਹੋਟਲਾਂ ਦੀਆਂ ਪੌੜੀਆਂ ਤੋਂ ਹੇਠਾਂ ਉਤਰ ਗਏ। ਬੈਂਕਾਕ ਖੇਤਰ 17 ਮਿਲੀਅਨ ਤੋਂ ਵੱਧ ਲੋਕਾਂ ਦਾ ਘਰ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਉੱਚੀਆਂ ਇਮਾਰਤਾਂ ਵਿਚ ਰਹਿੰਦੇ ਹਨ। ਭੂਚਾਲ ਕਾਰਨ ਬੈਂਕਾਕ 'ਚ ਉੱਚੀਆਂ ਇਮਾਰਤਾਂ ਦੀਆਂ ਛੱਤਾਂ 'ਤੇ ਬਣੇ ਸਵੀਮਿੰਗ ਪੂਲ 'ਚੋਂ ਪਾਣੀ ਬਾਹਰ ਆ ਗਿਆ ਅਤੇ ਕਈ ਇਮਾਰਤਾਂ ਤੋਂ ਮਲਬਾ ਡਿੱਗਣ ਲੱਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8