7 ਸੂਬਿਆਂ ’ਚ ਰਾਜਪਾਲ ਬਦਲੇ ਜਾਣ ਦੀ ਸੰਭਾਵਨਾ
Friday, Aug 19, 2022 - 12:02 PM (IST)
ਨਵੀਂ ਦਿੱਲੀ– ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਅਤੇ ਆਜ਼ਾਦੀ ਦਿਹਾੜੇ ਦੇ ਸਮਾਰੋਹ ਸਮਾਪਤ ਹੋਣ ਦੇ ਨਾਲ ਹੀ ਰਾਜਪਾਲ ਬਦਲੇ ਜਾਣ ਲਈ ਮੰਚ ਤਿਆਰ ਹੈ। ਮੰਤਰੀ ਮੰਡਲ ’ਚ ਫੇਰਬਦਲ ਦੀ ਵੀ ਚਰਚਾ ਹੈ ਪਰ ਭਾਜਪਾ ਨੂੰ ਅਜੇ ਇਸ ’ਚ ਹੋਰ ਸਮਾਂ ਲੱਗ ਸਕਦਾ ਹੈ, ਕਿਉਂਕਿ ਕਈ ਸੂਬਿਆਂ ’ਚ ਕੁਝ ਮੁੱਦਿਆਂ ਨਾਲ ਨਜਿੱਠੇ ਜਾਣਾ ਬਾਕੀ ਹੈ। 5 ਰਾਜਪਾਲਾਂ ਅਤੇ 2 ਉਪ ਰਾਜਪਾਲਾਂ ਦਾ ਕਾਰਜਕਾਲ ਜਲਦੀ ਹੀ ਖਤਮ ਹੋਣ ਵਾਲਾ ਹੈ, ਇਸ ਲਈ ਇਸ ’ਤੇ ਪਹਿਲਾਂ ਤੋਂ ਹੀ ਕੰਮ ਚੱਲ ਰਿਹਾ ਹੈ। ਨੀਤੀਗਤ ਮਾਮਲਿਆਂ ’ਚ, ਪ੍ਰਧਾਨ ਮੰਤਰੀ ਸੀਨੀਅਰ ਰਾਜਨੇਤਾਵਾਂ ਨੂੰ ਰਾਜਪਾਲ ਦੇ ਰੂਪ ’ਚ ਅਤੇ ਸੇਵਾਮੁਕਤ ਸਿਵਲ ਸੇਵਕਾਂ ਨੂੰ ਉਪ ਰਾਜਪਾਲ ਦੇ ਰੂਪ ’ਚ ਨਿਯੁਕਤ ਕਰਨ ਨੂੰ ਤਰਜੀਹ ਦਿੰਦੇ ਹਨ। ਵੀ. ਕੇ. ਸਕਸੈਨਾ ਦੀ ਉਪ ਰਾਜਪਾਲ ਦੇ ਤੌਰ ’ਤੇ ਨਿਯੁਕਤੀ ਦੇ ਰੂਪ ’ਚ ਹਾਲ ਹੀ ’ਚ ਨਿੱਜੀ ਖੇਤਰ ਤੋਂ ਵੀ ਪ੍ਰਤਿਭਾਸ਼ਾਲੀ ਸਖਸ਼ੀਅਤਾਂ ਨੂੰ ਦਿੱਲੀ ਲਿਆਂਦਾ ਗਿਆ ਹੈ।
ਜਿਨ੍ਹਾਂ ਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ’ਚ ਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਵੀ ਸ਼ਾਮਲ ਹਨ। ਜਿਨ੍ਹਾਂ ਰਾਜਪਾਲਾਂ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ, ਉਸ ਸੂਚੀ ’ਚ ਸੱਤਿਆ ਪਾਲ ਮਲਿਕ ਸਭ ਤੋਂ ਉੱਪਰ ਹਨ। ਇਹ ਵੱਖਰੀ ਗੱਲ ਹੈ ਕਿ ਜਦੋਂ ਤੋਂ ਉਨ੍ਹਾਂ ਨੂੰ ਗੋਆ ਤੋਂ ਮੇਘਾਲਿਆ ਭੇਜਿਆ ਗਿਆ ਹੈ, ਉਦੋਂ ਤੋਂ ਉਨ੍ਹਾਂ ਨੇ ਦਿੱਲੀ ’ਚ ਮੇਘਾਲਿਆ ਭਵਨ ਨੂੰ ਆਪਣਾ ਟਿਕਾਣਾ ਬਣਾ ਲਿਆ ਹੈ ਅਤੇ ਕੁਝ ਮੌਕਿਆਂ ਨੂੰ ਛੱਡ ਕੇ ਇੰਫਾਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੂੰ ਅਕਤੂਬਰ 2017 ’ਚ ਬਿਹਾਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ, ਫਿਰ ਜੰਮੂ-ਕਸ਼ਮੀਰ ਅਤੇ ਅਖੀਰ ’ਚ ਮੇਘਾਲਿਆ ’ਚ ਨਿਯੁਕਤ ਕੀਤਾ ਗਿਆ ਸੀ।
ਮਲਿਕ ਆਜ਼ਾਦ ਭਾਰਤ ਦੇ ਇਤਿਹਾਸ ’ਚ ਸ਼ਾਇਦ ਇਕਲੌਤੇ ਮੌਜੂਦਾ ਰਾਜਪਾਲ ਹਨ, ਜਿਨ੍ਹਾਂ ਨੇ ਕਈ ਮਹੀਨਿਆਂ ਤੱਕ ਜਨਤਕ ਤੌਰ ’ਤੇ ਕੇਂਦਰ ਸਰਕਾਰ ਵਿਰੁੱਧ ਬਿਆਨ ਦਿੱਤੇ ਹਨ, ਫਿਰ ਵੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਬਰਖਾਸਤ ਨਹੀਂ ਕੀਤਾ ਅਤੇ ਉਨ੍ਹਾਂ ਦਾ 5 ਸਾਲ ਦਾ ਕਾਰਜਕਾਲ ਖਤਮ ਹੋਣ ਦੀ ਉਡੀਕ ਕਰ ਰਹੇ ਹਨ। ਬੀ. ਡੀ. ਮਿਸ਼ਰਾ (ਅਰੁਣਾਚਲ ਪ੍ਰਦੇਸ਼), ਜਗਦੀਸ਼ ਮੁਖੀ (ਅਸਾਮ ਅਤੇ ਨਾਗਾਲੈਂਡ) ਅਤੇ ਪੁੱਡੂਚੇਰੀ ’ਚ ਤਮਿਲਸਾਈ ਸੁੰਦਰਰਾਜਨ ਅਤੇ ਲੈਫਟੀਨੈਂਟ ਜਨਰਲ ਡੀ. ਕੇ. ਜੋਸ਼ੀ ਦੇ ਤਹਿਤ ਦੋਹਰੇ ਚਾਰਜ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਬਨਵਾਰੀਲਾਲ ਪੁਰੋਹਿਤ ਨੂੰ ਅਕਤੂਬਰ 2017 ’ਚ ਤਾਮਿਲਨਾਡੂ ਦਾ ਰਾਜਪਾਲ ਬਣਾਇਆ ਗਿਆ ਅਤੇ ਪੰਜਾਬ ’ਚ ਤਬਦੀਲ ਕਰ ਦਿੱਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਸੰਵੇਦਨਸ਼ੀਲ ਸੂਬਾ ਮੰਨਦਿਆਂ ਉਨ੍ਹਾਂ ਨੂੰ ਅਹੁਦੇ ’ਤੇ ਬਣੇ ਰਹਿਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।