ਗਰੀਬ ਅਤੇ ਮੱਧਮ ਵਰਗ ਦੇ ਲੋਕ ਮੋਦੀ ਸਰਕਾਰ ਦੀ ''ਆਰਥਿਕ ਮਹਾਮਾਰੀ'' ਦੇ ਸ਼ਿਕਾਰ ਹੋਏ : ਰਾਹੁਲ
Monday, Jan 24, 2022 - 02:01 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਕੋਰੋਨਾ ਵਾਇਰਸ ਮਹਾਮਾਰੀ ਪੂਰੇ ਦੇਸ਼ ਨੇ ਝੱਲੀ ਪਰ ਗਰੀਬ ਅਤੇ ਮੱਧਮ ਵਰਗ ਦੇ ਲੋਕ ਨਰਿੰਦਰ ਮੋਦੀ ਸਰਕਾਰ ਦੀ 'ਆਰਥਿਕ ਮਹਾਮਾਰੀ' ਦੇ ਵੀ ਸ਼ਿਕਾਰ ਹੋਏ। ਉਨ੍ਹਾਂ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਕੋਰੋਨਾ ਮਹਾਮਾਰੀ ਪੂਰੇ ਦੇਸ਼ ਨੇ ਝੱਲੀ ਪਰ ਗਰੀਬ ਵਰਗ ਅਤੇ ਮੱਧਮ ਵਰਗ ਮੋਦੀ ਸਰਕਾਰ ਦੀ ਆਰਥਿਕ ਮਹਾਮਾਰੀ ਦੇ ਵੀ ਸ਼ਿਕਾਰ ਹਨ। ਅਮੀਰ-ਗਰੀਬ ਦਰਮਿਆਨ ਵਧਦੀ ਇਹ ਖੱਡ ਖੋਦਣ ਦਾ ਸਿਹਰਾ ਕੇਂਦਰ ਸਰਕਾਰ ਨੂੰ ਜਾਂਦਾ ਹੈ।''
ਰਾਹੁਲ ਨੇ ਜੋ ਖ਼ਬਰ ਸਾਂਝੀ ਕੀਤੀ, ਉਸ 'ਚ ਇਕ ਤਾਜ਼ਾ ਅਧਿਐਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਬੀਤੇ 5 ਸਾਲਾਂ 'ਚ ਸਭ ਤੋਂ ਗਰੀਬ 20 ਫੀਸਦੀ ਭਾਰਤੀ ਪਰਿਵਾਰਾਂ ਦੀ ਸਾਲਾਨਾ ਘਰੇਲੂ ਆਮਦਨ ਕਰੀਬ 53 ਫੀਸਦੀ ਘੱਟ ਹੋ ਗਈ। ਇਸੇ ਤਰ੍ਹਾਂ ਮੱਧਮ ਵਰਗ ਦੇ 20 ਫੀਸਦੀ ਲੋਕਾਂ ਦੀ ਘਰੇਲੂ ਆਮਦਨ ਵੀ 32 ਫੀਸਦੀ ਘੱਟ ਗਈ। ਇਸ ਖ਼ਬਰ ਅਨੁਸਾਰ, ਬੀਤੇ 5 ਸਾਲਾਂ ਦੌਰਾਨ ਦੇਸ਼ ਦੇ ਸਭ ਤੋਂ ਅਮੀਰ 20 ਫੀਸਦੀ ਲੋਕਾਂ ਦੀ ਆਮਦਨ 39 ਫੀਸਦੀ ਵਧ ਗਈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਇਸ ਖ਼ਬਰ ਨੂੰ ਲੈ ਕੇ ਟਵੀਟ ਕੀਤਾ,''ਮੋਦੀ ਸਰਕਾਰ ਸਿਰਫ਼ ਅਮੀਰਾਂ ਲਈ ਹੈ! ਇਹ ਹੁਣ ਸਾਹਮਣੇ ਹੈ- ਗਰੀਬ ਅਤੇ ਗਰੀਬ- 'ਹਮ ਦੋ ਹਮਾਰੇ ਦੋ' ਦੀ ਚਾਂਦੀ। ਪਿਛਲੇ 5 ਸਾਲਾਂ 'ਚ- ਸਭ ਤੋਂ ਗਰੀਬ ਲੋਕਾਂ ਦੀ ਆਮਦਨ 53 ਫੀਸਦੀ ਘੱਟ, ਮੱਧਮ ਵਰਗ ਦੀ ਆਮਦਨ 32 ਫੀਸਦੀ ਘੱਟ, ਅਮੀਰਾਂ ਦੀ ਆਮਦਨ 39 ਫੀਸਦੀ ਵਧੀ। ਗਰੀਬ-ਮੱਧਮ ਵਰਗ 'ਤੇ ਮਾਰ, ਮੋਦੀ ਸਰਕਾਰ ਹੈ ਅਮੀਰਾਂ ਦੀ ਸਰਕਾਰ!''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ