ਦਿੱਲੀ-NCR ''ਚ ਦੀਵਾਲੀ ਮਗਰੋਂ ਦੁੱਗਣਾ ਹੋਇਆ ਪ੍ਰਦੂਸ਼ਣ, ਮੁੜ ''ਗੰਭੀਰ ਸ਼੍ਰੇਣੀ ''ਚ AQI

11/16/2023 10:56:51 AM

ਨਵੀਂ ਦਿੱਲੀ- ਦਿੱਲੀ 'ਚ ਦੀਵਾਲੀ ਮਗਰੋਂ ਪ੍ਰਦੂਸ਼ਣ ਵੱਧ ਰਿਹਾ ਹੈ। ਦੀਵਾਲੀ ਤੋਂ ਲੈ ਕੇ ਹੁਣ ਤੱਕ ਦਿੱਲੀ 'ਚ ਪ੍ਰਦੂਸ਼ਣ ਦੇ ਪੱਧਰ ਦੇ ਕਰੀਬ 84 ਫ਼ੀਸਦੀ ਇਜ਼ਾਫਾ ਹੋਇਆ ਹੈ। ਵੀਰਵਾਰ ਸਵੇਰੇ ਦਿੱਲੀ ਧੁੰਦ ਦੀ ਚਾਦਰ ਵਿਚ ਲਿਪਟੀ ਨਜ਼ਰ ਆਈ। ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਹਵਾ ਗੁਣਵੱਤਾ ਸੂਚਕਾਂਕ  (AQI) ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦਿੱਲੀ-ਐੱਨ. ਸੀ. ਆਰ. 'ਚ ਵੀਰਵਾਰ ਸਵੇਰੇ ਹਵਾ ਗੁਣਵੱਤਾ ਦਾ ਪੱਧਰ 400 ਦੇ ਪਾਰ ਚੱਲਾ ਗਿਆ ਹੈ। ਆਨੰਦ ਵਿਹਾਰ ਵਿਚ  AQI 480, ਆਰ. ਕੇ. ਪੁਰਮ 'ਚ 418, ਪੰਜਾਬੀ ਬਾਗ 'ਚ 430 ਅਤੇ ਆਈ. ਟੀ. ਓ. 'ਚ 408 ਰਿਹਾ। 

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਵਿਚ ਦਿੱਲੀ ਵਿਚ ਪ੍ਰਦੂਸ਼ਣ ਦੇ ਨਾਲ-ਨਾਲ ਸੰਘਣੀ ਧੁੰਦ ਵੀ ਛਾਏਗੀ। ਦੀਵਾਲੀ ਤੋਂ ਪਹਿਲਾਂ ਦਿੱਲੀ ਵਿਚ ਮੀਂਹ ਕਾਰਨ ਪ੍ਰਦੂਸ਼ਣ ਦਾ ਪੱਧਰ ਜੋ ਘੱਟ ਹੋਇਆ ਸੀ, ਉਸ ਦਾ ਅਸਰ ਹੁਣ ਖ਼ਤਮ ਹੋ ਗਿਆ ਹੈ। ਦੀਵਾਲੀ ਮਗਰੋਂ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਸਮੋਗ ਨਾਲ ਹਲਕੀ ਧੁੰਦ ਅਤੇ ਠੰਡ ਵੱਧਣ ਨਾਲ ਵਾਤਾਵਰਨ ਵਿਚ ਨਮੀ ਵਧੇਰੇ ਹੋਣ ਨਾਲ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ ਹੈ। 

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਅਗਲੇ ਅਜੇ ਤਿੰਨ ਦਿਨ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ ਅਤੇ ਦਿੱਲੀ ਵਿਚ ਹਵਾ ਦੀ ਗੁਣਵੱਤਾ ਖਰਾਬ ਸ਼੍ਰੇਣੀ ਵਿਚ ਬਰਕਰਾਰ ਰਹਿ ਸਕਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦੀਵਾਲੀ ਦੇ ਦਿਨ ਦਿੱਲੀ ਵਿਚ ਬੀਤੇ 24 ਘੰਟਿਆਂ ਦਾ ਔਸਤ AQI 218 ਸੀ। ਅੱਜ ਇਹ ਵਧ ਕੇ 401 ਹੋ ਗਿਆ ਹੈ, ਜੋ ਗੰਭੀਰ ਸ਼੍ਰੇਣੀ ਵਿਚ ਆਉਂਦਾ ਹੈ। 


Tanu

Content Editor

Related News