ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜੂਨੀਅਰ ਵਿਗਿਆਨੀ ਦੇ ਘਰ ਛਾਪਾ, ਮਿਲੀ 7 ਕਰੋੜ ਦੀ ਜਾਇਦਾਦ
Monday, May 02, 2022 - 12:56 PM (IST)
ਰੀਵਾ (ਭਾਸ਼ਾ)- ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਿਯੂ.) ਨੇ ਐਤਵਾਰ ਨੂੰ ਮੱਧ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਜੂਨੀਅਰ ਵਿਗਿਆਨੀ ਦੇ ਮਕਾਨ ’ਤੇ ਛਾਪਾ ਮਾਰ ਕੇ ਕਥਿਤ ਤੌਰ ’ਤੇ 30 ਲੱਖ ਰੁਪਏ ਦੀ ਨਕਦੀ ਸਮੇਤ ਲਗਭਗ 7 ਕਰੋੜ ਰੁਪਏ ਦੀ ਕਮਾਈ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਰਾਮਦ ਕੀਤੀ ਹੈ। ਰੀਵਾ ਲੋਕਾਯੁਕਤ ਦੇ ਪੁਲਸ ਸੁਪਰਡੈਂਟ ਵਰਿੰਦਰ ਜੈਨ ਨੇ ਦੱਸਿਆ,‘‘ਸਰਚ ਵਾਰੰਟ ਪ੍ਰਾਪਤ ਕਰਨ ਤੋਂ ਬਾਅਦ ਸਵੇਰੇ ਈ. ਓ. ਡਬਲਿਯੂ. ਦੀ ਟੀਮ ਨੇ ਸਤਨਾ ਜ਼ਿਲ੍ਹੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਸੁਸ਼ੀਲ ਕੁਮਾਰ ਮਿਸ਼ਰਾ ਦੇ ਮਾਰੂਤੀ ਨਗਰ, ਸਤਨਾ ’ਚ ਸਥਿਤ ਮਕਾਨ ਦੀ ਤਲਾਸ਼ੀ ਲਈ।’’ ਉਨ੍ਹਾਂ ਕਿਹਾ,''ਸਾਨੂੰ ਨਕਦ 30,30,880 ਰੁਪਏ, ਸੋਨੇ-ਚਾਂਦੀ ਦੇ ਗਹਿਣੇ 8,18,726 ਰੁਪਏ, 21 ਬੈਂਕ ਖਾਤੇ ਅਤੇ 4 ਬੀਮਾ ਪਾਲਿਸੀ ਅਤੇ 29 ਨਗ ਜ਼ਮੀਨ ਰਜਿਸਟਰੀ ਦੇ ਕਾਗਜ਼ਾਤ ਕੀਮਤ ਲਗਭਗ 1.76 ਕਰੋੜ ਰੁਪਏ ਮਿਲੇ ਹਨ। ਇਹ ਜ਼ਮੀਨ ਮਿਸ਼ਰਾ ਨੇ ਖੁਦ ਅਤੇ ਆਪਣੀ ਪਤਨੀ ਸੁਮਨ ਮਿਸ਼ਰਾ ਅਤੇ ਪੁੱਤਰ ਗਿਆਨੇਂਦਰ ਮਿਸ਼ਰਾ ਦੇ ਨਾਮ ਨਾਲ ਸਤਨਾ ਸ਼ਹਿਰ ਅਤੇ ਸ਼ਹਿਰ ਨਾਲ ਲੱਗੇ ਹੋਏ ਖੇਤਰ ਦੀ ਹੈ। ਭੋਪਾਲ ਸ਼ਹਿਰ ਦੀਆਂ ਜ਼ਮੀਨਾਂ ਦੇ ਕਾਗਜ਼ਾਤ ਵੀ ਬਰਾਮਦ ਹੋਏ ਹਨ।''
ਉਨ੍ਹਾਂ ਕਿਹਾ,''ਦੋਸ਼ੀ ਦਾ ਮਾਰੂਤੀ ਨਗਰ 'ਚ 2 ਮੰਜ਼ਿਲਾ ਮਕਾਨ ਹੈ, ਜਿਸ ਦੀ ਕੀਮਤ ਕਰੀਬ 37.50 ਲੱਖ ਰੁਪਏ ਦੱਸੀ ਗਈ ਹੈ। ਦੋਸ਼ੀ ਦਾ ਸਤਨਾ ਸ਼ਹਿਰ ਦੇ ਨੇੜੇ 7 ਏਕੜ ਦਾ ਫਾਰਮਹਾਊਸ ਹੈ, ਜਿਸ 'ਚ 1500 ਵਰਗ ਫੁੱਟ 'ਚ ਮਕਾਨ ਬਣਿਆ ਹੋਇਆ ਹੈ।'' ਜੈਨ ਨੇ ਦੱਸਿਆ,''ਦੋਸ਼ੀ ਕੋਲੋਂ ਇਕ ਟਰੈਕਟਰ, ਇਕ ਮਹਿੰਦਰਾ ਐੱਸ.ਯੂ.ਵੀ., ਇਕ ਸਕਾਰਪੀਓ, ਇਕ ਇੰਡੀਕਾ ਕਾਰ ਅਤੇ 3 ਮੋਟਰਸਾਈਕਲ ਅਤੇ ਦਸਤਾਵੇਜ਼ ਮਿਲੇ ਹਨ। ਇਨ੍ਹਾਂ ਵਾਹਨਾਂ ਦੀ ਕੀਮਤ 50 ਲੱਖ ਰੁਪਏ ਤੋਂ ਵਧ ਹੈ।''