ਆਫ਼ ਦਿ ਰਿਕਾਰਡ : ਰਹੱਸਮਈ ਕਤਲ ’ਤੇ ਸਿਆਸਤ

06/02/2023 11:44:13 AM

ਨਵੀਂ ਦਿੱਲੀ- ਇਕ ਮਾਮਲੇ ’ਚ ਕਈ ਸਾਲਾਂ ਤੱਕ ਹੌਲੀ ਰਫਤਾਰ ਨਾਲ ਚੱਲਣ ਤੋਂ ਬਾਅਦ ਸੀ. ਬੀ. ਆਈ. ਅਚਾਨਕ ਸਰਗਰਮ ਹੋ ਰਹੀ ਹੈ। ਇਸ ਨੇ 15 ਮਾਰਚ 2019 ਨੂੰ ਲੋਕ ਸਭਾ ਦੇ ਸੰਸਦ ਮੈਂਬਰ ਵਾਈ. ਐੱਸ. ਵਿਵੇਕਾਨੰਦ ਰੈੱਡੀ ਦੀ ਹੱਤਿਆ ਦੇ ਪਿੱਛੇ ਇਕ ਸਿਆਸੀ ਕਾਰਣ ਲੱਭਿਆ ਹੈ। ਸੀ. ਬੀ. ਆਈ. ਕੋਲ ਕੁਝ ਅਜਿਹਾ ਹੈ ਜੋ ਇਸ ਹੱਤਿਆ ਦੀਆਂ ਤਾਰਾਂ ਨੂੰ ਕਿਤੇ ਨਾ ਕਿਤੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਨਮੋਹਨ ਰੈੱਡੀ ਨਾਲ ਜੋੜਦਾ ਹੈ।

ਵਿਵੇਕਾਨੰਦ ਰੈੱਡੀ ਉਨ੍ਹਾਂ ਦੇ ਚਾਚਾ ਸਨ ਅਤੇ ਤਤਕਾਲੀ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਹੱਤਿਆ ਦੀ ਜਾਂਚ ਲਈ ਸੂਬਾ ਪੁਲਸ ਦੀ ਇਕ ਐੱਸ. ਆਈ. ਟੀ. ਗਠਿਤ ਕੀਤੀ ਸੀ ਜਦਕਿ ਜਗਨਮੋਹਨ ਰੈੱਡੀ ਨੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ। ਕੁਝ ਹੀ ਮਹੀਨਿਆਂ ’ਚ ਜਗਨ ਦੇ ਮੁੱਖ ਮੰਤਰੀ ਬਣਨ ਨਾਲ ਦ੍ਰਿਸ਼ ਬਦਲ ਗਿਆ। ਮਾਮਲੇ ਨੂੰ ਸੀ. ਬੀ. ਆਈ. ਨੂੰ ਸੌਂਪਣ ਦੀ ਬਜਾਏ ਉਨ੍ਹਾਂ ਨੇ ਹੱਤਿਆ ਦੀ ਜਾਂਚ ਲਈ ਸੂਬਾ ਪੁਲਸ ਦੀ ਐੱਸ. ਆਈ. ਟੀ. ਗਠਿਤ ਕਰਨ ਦਾ ਫੈਸਲਾ ਕੀਤਾ। 11 ਮਾਰਚ 2020 ਨੂੰ ਹਾਈ ਕੋਰਟ ਨੇ ਮਾਮਲੇ ਨੂੰ ਸੀ. ਬੀ. ਆਈ. ਨੂੰ ਭੇਜਣ ਦਾ ਫੈਸਲਾ ਕੀਤਾ।

ਹੈਰਾਨੀਜਨਕ ਢੰਗ ਨਾਲ ਸੀ. ਬੀ. ਆਈ. ਸਿਆਸੀ ਮਾਹੌਲ ਕਾਰਣ ਹੌਲੀ ਰਫਤਾਰ ਨਾਲ ਅੱਗੇ ਵਧੀ। ਲਗਭਗ 3 ਸਾਲਾਂ ਬਾਅਦ ਸੀ. ਬੀ. ਆਈ। ਨੇ ਦਾਅਵਾ ਕੀਤਾ ਹੈ ਕਿ ਵਿਵੇਕਾਨੰਦ ਰੈੱਡੀ ਦੇ 4 ਹਮਲਾਵਰਾਂ ’ਚੋਂ ਇਕ ਵਾਈ. ਐੱਸ. ਆਰ.-ਸੀ. ਪੀ. ਲੋਕ ਸਭਾ ਸੰਸਦ ਮੈਂਬਰ ਵਾਈ. ਐੱਸ. ਅਵਿਨਾਸ਼ ਰੈੱਡੀ ਦੀ ਰਿਹਾਇਸ਼ ’ਤੇ ਅੱਧੀ ਰਾਤ ਨੂੰ ਮੌਜੂਦ ਸੀ।

ਇਹ ਪਾਇਆ ਗਿਆ ਕਿ ਪੁਲਸ ਨੂੰ ਸੂਚਿਤ ਕਰਨ ਤੋਂ ਪਹਿਲਾਂ ਕੜੱਪਾ ਸੰਸਦ ਮੈਂਬਰ ਨੇ ਜਗਨਮੋਹਨ ਰੈੱਡੀ ਨੂੰ ਉਨ੍ਹਾਂ ਦੇ ਚਾਚਾ ਦੀ ਹੱਤਿਆ ਬਾਰੇ ਇਕ ਵਟਸਐਪ ਕਾਲ ਕੀਤੀ ਸੀ। ਕੜੱਪਾ ਸੰਸਦ ਮੈਂਬਰ ਦੇ ਘਰ ’ਚ 4 ਹਮਲਾਵਰ ਕਿਵੇਂ ਮੌਜੂਦ ਸਨ ਅਤੇ ਜਗਨ ਰੈੱਡੀ ਨੂੰ ਫੋਨ ਕਿਉਂ ਕੀਤਾ ਗਿਆ। ਹਾਲਾਂਕਿ ਸਬੂਤ ਬਹੁਤ ਮਜ਼ਬੂਤ ਨਹੀਂ ਹਨ, ਫਿਰ ਵੀ ਇਹ ਜਗਨਮੋਹਨ ਰੈੱਡੀ ਦੀਆਂ ਰਾਤਾਂ ਦੀ ਨੀਂਦ ਹਰਾਮ ਕਰਨ ਲਈ ਕਾਫੀ ਹਨ ਕਿਉਂਕਿ ਸੀ. ਬੀ. ਆਈ. ਹੱਤਿਆ ਦੇ ਰਹੱਸ ਦਾ ਪਤਾ ਲਗਾਉਣ ਲਈ ਕੜੱਪਾ ਸੰਸਦ ਮੈਂਬਰ ਤੋਂ ਹਿਰਾਸਤ ’ਚ ਪੁੱਛਗਿੱਛ ਕਰਨਾ ਚਾਹੁੰਦੀ ਹੈ। ਵਾਈ. ਐੱਸ. ਆਰ.-ਕਾਂਗਰਸ ਦੇ ਮੈਂਬਰਾਂ ਵੱਲੋਂ ਸੰਸਦ ’ਚ ਕੇਂਦਰ ਸਰਕਾਰ ਨੂੰ ਬੇਲ ਆਊਟ ਕਰਨ ਦੇ ਪਿੱਛੇ ਇਕ ਕਾਰਨ ਇਸ ਇਸ ਰਹੱਸਮਈ ਹੱਤਿਆ ਨੂੰ ਮੰਨਿਆ ਜਾਂਦਾ ਹੈ।

ਤੇਲੰਗਾਨਾ ਹਾਈ ਕੋਰਟ ਵੱਲੋਂ ਕਿਸੇ ਵੀ ਸਮੇਂ ਸੀ. ਬੀ. ਆਈ. ਨੂੰ ਕੜੱਪਾ ਸੰਸਦ ਮੈਂਬਰ ਨੂੰ ਹਿਰਾਸਤ ’ਚ ਪੁੱਛਗਿੱਛ ਕਰਨ ਦੀ ਇਜਾਜ਼ਤ ਦੇਣ ਦੀ ਉਮੀਦ ਹੈ। ਆਂਧਰ ਪ੍ਰਦੇਸ਼ ’ਚ ਭਾਜਪਾ ਦੀ ਮੁਸ਼ਕਿਲ ਇਹ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ’ਚ 25 ਲੋਕ ਸਭਾ ਸੀਟਾਂ ’ਚੋਂ ਇਕ ਵੱਡਾ ਸਿਫਰ ਹਾਸਲ ਕਰ ਕੇ ਉਸ ਦਾ ਸਿਆਸੀ ਸਫਾਇਆ ਹੋ ਗਿਆ। ਉਸ ਨੂੰ ਨਹੀਂ ਪਤਾ ਕਿ ਵਾਈ. ਐੱਸ. ਆਰ.-ਕਾਂਗਰਸ ਨਾਲ ਗਠਜੋੜ ਕਰਨਾ ਹੈ ਜਾਂ ਚੰਦਰਬਾਬੂ ਨਾਇਡੂ ਦੀ ਟੀ. ਡੀ. ਪੀ. ਨਾਲ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸੀ. ਬੀ. ਆਈ. ਦਾ ਢਿੱਲਾ ਰਵੱਈਆ ਇਸ ਮੁਸ਼ਕਿਲ ’ਚੋਂ ਬਾਹਰ ਕੱਢਦਾ ਹੈ। ਕੜੱਪਾ ਸੰਸਦ ਮੈਂਬਰ ਨੂੰ ਹਾਈ ਕੋਰਟ ਤੋਂ ਅਸਥਾਈ ਰਾਹਤ ਮਿਲੀ ਹੈ ਪਰ ਇਹ ਲੰਬੇ ਸਮੇਂ ਤੱਕ ਮਦਦ ਨਹੀਂ ਕਰ ਸਕਦੀ ਹੈ।


Rakesh

Content Editor

Related News