ਕਮੇਟੀ ਕਹੇਗੀ ਰਾਜਨੀਤੀ ਛੱਡ ਦਿਓ ਤਾਂ ਮੈਂ ਛੱਡ ਦੇਵਾਂਗਾ : ਹੁੱਡਾ
Monday, Aug 19, 2019 - 01:32 PM (IST)

ਨਵੀਂ ਦਿੱਲੀ— ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੂਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਛੱਡਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਨੇ ਪਹਿਲਾਂ ਧਾਰਾ-370 'ਤੇ ਕਾਂਗਰਸ ਦੀ ਲੀਡਰਸ਼ਿਪ ਦੇ ਰੁਖ ਤੋਂ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਪਾਰਟੀ ਰਸਤੇ ਤੋਂ ਭਟਕ ਗਈ ਹੈ ਅਤੇ ਹੁਣ ਅੱਗੇ ਦਾ ਰਸਤਾ ਤੈਅ ਕਰਨ ਲਈ ਇਕ ਕਮੇਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਕ-2 ਦਿਨ 'ਚ ਕਮੇਟੀ ਗਠਿਤ ਕਰ ਦਿੱਤੀ ਜਾਵੇਗੀ। ਹੁੱਡਾ ਨੇ ਕਮੇਟੀ ਦੀ ਸਿਫਾਰਿਸ਼ 'ਤੇ ਰਾਜਨੀਤੀ ਤੋਂ ਸੰਨਿਆਸ ਲੈਣ ਤੱਕ ਦੀ ਗੱਲ ਕਹਿ ਦਿੱਤੀ।
ਕਮੇਟੀ ਕਹੇਗੀ ਤਾਂ ਰਾਜਨੀਤੀ ਛੱਡ ਦੇਵਾਂਗਾ
ਹੁੱਡਾ ਨੇ ਕਿਹਾ,''ਕਮੇਟੀ ਬਣਨ ਤੋਂ ਬਾਅਦ ਕਨਵੀਨਰ ਇਕ ਮੀਟਿੰਗ ਬੁਲਾਉਣਗੇ। ਕਮੇਟੀ ਜੋ ਕਹੇਗੀ, ਮੈਂ ਉਹ ਕਰਾਂਗਾ। ਜੇਕਰ ਮੈਨੂੰ ਰਾਜਨੀਤੀ ਛੱਡਣ ਲਈ ਕਿਹਾ ਜਾਵੇਗਾ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।'' ਕਾਂਗਰਸ ਲਈ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਸੇ ਸਾਲ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।
ਆਪਣੀ ਹੀ ਪਾਰਟੀ 'ਤੇ ਕੀਤੇ ਤਿੱਖੇ ਹਮਲੇ
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਉੱਚ ਕਾਂਗਰਸੀ ਨੇਤਾ ਨੇ ਰੋਹਤਕ 'ਚ ਰੈਲੀ ਕਰ ਕੇ ਨਾ ਸਿਰਫ਼ ਸ਼ਕਤੀ ਪ੍ਰਦਰਸ਼ਨ ਕੀਤਾ ਸਗੋਂ ਬਾਗ਼ੀ ਤੇਵਰ ਦਿਖਾਉਂਦੇ ਹੋਏ ਆਪਣੀ ਹੀ ਪਾਰਟੀ 'ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਕਾਂਗਰਸ ਰਸਤੇ ਤੋਂ ਭਟਕ ਗਈ ਹੈ। ਐਤਵਾਰ ਨੂੰ ਆਯੋਜਿਤ 'ਪਰਿਵਰਤਨ ਮਹਾਰੈਲੀ' 'ਚ ਭੂਪਿੰਦਰ ਸਿੰਘ ਹੁੱਡਾ ਅਤੇ ਉਨ੍ਹਾਂ ਦੇ ਧਿਰ ਦੇ ਹੀ ਜ਼ਿਆਦਾਤਰ ਨੇਤਾ ਮੌਜੂਦ ਰਹੇ। ਇਸ ਮੌਕੇ ਹੁੱਡਾ ਨੇ ਕਿਹਾ ਕਿ ਹੁਣ ਕਾਂਗਰਸ ਉਹ ਕਾਂਗਰਸ ਨਹੀਂ ਰਹੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਧਾਰਾ-370 ਨੂੰ ਹਟਾਏ ਜਾਣ ਦੇ ਪੱਖ 'ਚ ਸਨ, ਜਦੋਂ ਕਿ ਕਾਂਗਰਸ ਦੇ ਕਈ ਨੇਤਾ ਇਸ ਦੇ ਵਿਰੁੱਧ ਸਨ।