ਵਿਜੇ ਮਾਲਿਆ ਨੂੰ ਲੈ ਕੇ ਦੇਸ਼ ''ਚ ਛਿੜਿਆ ਸਿਆਸੀ ਘਮਸਾਣ

Thursday, Sep 13, 2018 - 06:20 PM (IST)

ਨਵੀਂ ਦਿੱਲੀ— ਕੇਂਦਰ ਸਰਕਾਰ 'ਤੇ ਇਹ ਆਰੋਪ ਲਗਾਇਆ ਜਾ ਰਿਹਾ ਹੈ ਕਿ ਉਸਨੇ ਹਜ਼ਾਰਾਂ ਕਰੋੜਾਂ ਰੁਪਏ ਲੈ ਕੇ ਫਰਾਰ ਚੱਲ ਰਹੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਖਿਲਾਫ ਲੁੱਕ ਆਊਟ ਸਰਕੂਲਰ ਨੂੰ ਥੋੜ੍ਹਾ ਨਰਮ ਕਰ ਦਿੱਤਾ ਜਿਸ ਨਾਲ ਉਸ ਨੂੰ ਵਿਦੇਸ਼ ਜਾਣ 'ਚ ਆਸਾਨੀ ਹੋਈ। ਜਾਣਕਾਰੀ ਅਨੁਸਾਰ ਇਸ ਬਾਰੇ ਖੁਦ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਇਕ ਟਵੀਟ ਕੀਤਾ ਹੈ, ਉਸਤੋਂ ਇਹ ਗੱਲ ਸੱਚੀ ਲੱਗ ਰਹੀ ਹੈ। ਸੂਤਰਾਂ ਮੁਤਾਬਿਕ ਵਿਜੇ ਮਾਲਿਆ ਦੇ ਲੁਕ ਆਊਟ ਨੋਟਿਸ ਨੂੰ ਹਲਕਾ ਕਰਕੇ ਕਿਹਾ ਗਿਆ ਹੈ ਕਿ ਜੇਕਰ ਉਹ ਵਿਦੇਸ਼ ਜਾਂਦਾ ਹੈ ਤਾਂ ਉਸਨੂੰ ਫੜਿਆ ਨਾ ਜਾਏ, ਸਿਰਫ ਉਸਦੀ ਜਾਣਕਾਰੀ ਦਿੱਤੀ ਜਾਵੇ। ਸੀ. ਬੀ. ਆਈ. ਨੇ 16 ਅਕਤੂਬਰ 2015 ਨੂੰ ਮਾਲਿਆ ਖਿਲਾਫ ਲੁਕ ਆਊਟ ਨੋਟਿਸ ਜਾਰੀ ਕੀਤਾ ਸੀ। 

ਏਜੰਸੀ ਨੇ ਬਿਊਰੋ ਆਫ ਇਮੀਗ੍ਰੇਸ਼ਨ ਨੂੰ ਬੇਨਤੀ ਕੀਤੀ ਸੀ ਕਿ ਮਾਲਿਆ ਜੇਕਰ ਦੇਸ਼ ਛੱਡਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਫੜ ਲਿਆ ਜਾਏ ਪਰ ਇਸਦੇ ਇਕ ਮਹੀਨੇ ਦੇ ਬਾਅਦ ਹੀ ਨਵੰਬਰ ਮਹੀਨੇ 'ਚ ਸੀ.ਬੀ.ਆਈ. ਨੇ ਇਕ ਸੋਧਿਆ ਸਰਕੂਲਰ ਜਾਰੀ ਕੀਤਾ, ਜਿਸ 'ਚ ਇਮੀਗ੍ਰੇਸ਼ਨ ਬਿਊਰੋ ਨੂੰ ਕਿਹਾ ਗਿਆ ਕਿ ਉਹ ਸਿਰਫ ਮਾਲਿਆ ਦੇ ਵਿਦੇਸ਼ ਜਾਣ ਤੇ ਯਾਤਰਾ ਦੀ ਸਕੀਮ ਦੇ ਬਾਰੇ 'ਚ ਸੂਚਿਤ ਕਰਨ।

ਇਸਦੇ ਬਾਅਦ ਮਾਲਿਆ ਨਵੰਬਰ ਤੇ ਦਸੰਬਰ 'ਚ ਦੋ ਵਾਰ ਵਿਦੇਸ਼ ਗਿਆ ਤੇ ਵਾਪਸ ਵੀ ਆਇਆ। ਇਨ੍ਹਾਂ ਲੁਕ ਆਊਟ ਨੋਟਿਸਾਂ ਦੇ ਬਾਅਦ ਵੀ ਮਾਲਿਆ ਤਿੰਨ ਵਾਰੀ ਸੀ.ਬੀ.ਆਈ. ਦੇ ਸਾਹਮਣੇ ਪੇਸ਼ ਹੋਇਆ ਸੀ। ਸੂਤਰਾਂ ਮੁਤਾਬਕ ਆਪਣੀਆਂ ਪਹਿਲੀਆਂ ਦੋ ਵਿਦੇਸ਼ ਯਾਤਰਾਵਾਂ ਦੌਰਾਨ ਮਾਲਿਆ ਨੇ ਸੀ.ਬੀ.ਆਈ. ਨੂੰ ਇਹ ਦੱਸਿਆ ਸੀ ਕਿ ਉਹ ਬਿਜ਼ਨੈੱਸ ਮੀਟਿੰਗ ਲਈ ਵਿਦੇਸ਼ ਜਾਂਦਾ ਹੈ ਪਰ ਤੀਜੀ ਵਾਰ ਸੀ. ਬੀ. ਆਈ. ਨੂੰ ਮਾਲਿਆ ਦੀ ਯਾਤਰਾ ਦੀ ਜਾਣਕਾਰੀ ਵੀ ਨਹੀਂ ਮਿਲੀ ਤੇ ਇਸਦੇ ਬਾਅਦ ਉਹ ਐਸਾ ਫਰਾਰ ਹੋਇਆ ਕਿ ਅੱਜ ਵੀ ਏਜੰਸੀਆਂ ਨੂੰ ਉਸਨੂੰ ਭਾਰਤ ਲਿਆਉਣ 'ਚ ਮੁਸ਼ਕਿਲ ਹੋ ਰਹੀ ਹੈ। ਓਧਰ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਲੈ ਕੇ ਦਿੱਤੇ ਗਏ ਮਾਲਿਆ ਦੇ ਬਿਆਨ 'ਤੇ ਹੰਗਾਮਾ ਜਾਰੀ ਹੈ। ਵਿਜੇ ਮਾਲਿਆ ਨੇ ਕਿਹਾ ਕਿ ਉਹ ਲੰਦਨ ਜਾਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲਿਆ ਸੀ। ਹੁਣ ਭਾਜਪਾ ਦੇ ਹੀ ਰਾਜ ਸਭਾ ਮੈਂਬਰ ਸੁਬਰਾਮਣੀਅਮ ਸੁਆਮੀ ਨੇ ਇਸ ਮਾਮਲੇ 'ਤੇ ਟਵੀਟ ਕੀਤਾ ਹੈ ਜੋ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।

ਮਾਲਿਆ ਨੇ ਦਿੱਤਾ ਸੀ ਇਹ ਬਿਆਨ-ਵਿਜੇ ਮਾਲਿਆ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਮਿਲਿਆ ਸੀ। ਲੰਦਨ 'ਚ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ੀ ਲਈ ਪਹੁੰਚੇ ਮਾਲਿਆ ਨੇ ਕਿਹਾ ਕਿ ਉਸਨੇ ਵਿੱਤ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਤੇ ਬੈਂਕਾਂ ਨਾਲ ਮਾਮਲੇ ਦਾ ਨਿਪਟਾਰਾ ਕਰਨ ਦੀ ਪੇਸ਼ਕਸ ਕੀਤੀ ਸੀ।  ਅਰੁਣ ਜੇਤਲੀ ਨੇ ਦਿੱਤੀ ਸੀ ਸਫਾਈ-ਅਰੁਣ ਜੇਤਲੀ ਨੇ ਫੇਸਬੁੱਕ 'ਤੇ ਇਸ ਸਬੰਧ 'ਚ ਸਫਾਈ ਦਿੰਦਿਆਂ ਕਿਹਾ ਕਿ ਮਾਲਿਆ ਦਾ ਦਾਅਵਾ ਤੱਥਾਂ ਤੋਂ ਗਲਤ ਹੈ। ਮੈਂ 2014 ਤੋਂ ਹੁਣ ਤਕ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਉਹ ਰਾਜ ਸਭਾ ਮੈਂਬਰ ਸਨ ਤੇ ਕਦੀ-ਕਦੀ ਸਦਨ 'ਚ ਆਇਆ ਕਰਦੇ ਸਨ। ਮੈਂ ਸਦਨ ਤੋਂ ਨਿਕਲ ਕੇ ਆਪਣੇ ਕਮਰੇ 'ਚ ਜਾ ਰਿਹਾ ਸੀ, ਇਸੇ ਦੌਰਾਨ ਉਹ ਕੋਲ ਆ ਗਏ। ਉਨ੍ਹਾਂ ਨੇ ਸਮਝੌਤੇ ਦੀ ਪੇਸ਼ਕਸ਼ ਕੀਤੀ ਸੀ, ਜਿਸ 'ਤੇ ਮੈਂ ਉਨ੍ਹਾਂ ਨੂੰ ਰੋਕਦਿਆਂ ਕਿਹਾ ਕਿ ਮੇਰੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ, ਇਹ ਪ੍ਰਸਤਾਵ ਬੈਂਕਾਂ ਦੇ ਨਾਲ ਕਰਨ।


Related News