ਮਹਾਰਾਸ਼ਟਰ: ਰਾਇਗੜ੍ਹ ਬਿਲਡਿੰਗ ਹਾਦਸੇ ''ਤੇ ਐਕਸ਼ਨ ''ਚ ਪੁਲਸ, ਬਿਲਡਰ ਸਣੇ 5 ਖਿਲਾਫ FIR
Tuesday, Aug 25, 2020 - 09:07 PM (IST)

ਮੁੰਬਈ - ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲ੍ਹੇ 'ਚ ਸੋਮਵਾਰ ਨੂੰ ਤਾਲਾਬ ਦੇ ਕੰਡੇ ਬਣੀ ਇੱਕ ਪੰਜ ਮੰਜਿਲਾ ਇਮਾਰਤ ਡਿੱਗ ਗਈ ਸੀ। ਤਾਰਿਕ ਬਿਲਡਿੰਗ ਨਾਮਕ ਇਸ ਇਮਾਰਤ ਦੇ ਮਲਬੇ ਤੋਂ ਮੰਗਲਵਾਰ ਦੀ ਸ਼ਾਮ 4 ਵਜੇ ਤੱਕ 11 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ, ਜਦੋਂ ਕਿ ਅੱਠ ਲੋਕਾਂ ਨੂੰ ਸਹੀ-ਸਲਾਮਤ ਬਾਹਰ ਕੱਢ ਲਿਆ ਗਿਆ ਸੀ। ਅਜੇ ਵੀ ਮਲਬੇ 'ਚ ਪੰਜ ਲੋਕਾਂ ਦੇ ਦੱਬੇ ਹੋਣ ਦੀ ਖਦਸ਼ਾ ਹੈ। ਨੈਸ਼ਨਲ ਡਿਜਾਸਟਰ ਰੈਸਕਿਊ ਫੋਰਸ (ਐੱਨ.ਡੀ.ਆਰ.ਐੱਫ.) ਦੀਆਂ ਅੱਠ ਟੀਮਾਂ ਰੈਸਕਿਊ ਆਪਰੇਸ਼ਨ 'ਚ ਲੱਗੀਆਂ ਹਨ।
ਰਾਹਤ ਅਤੇ ਬਚਾਅ ਕਾਰਜ ਪੂਰਾ ਹੋਣ ਦੇ ਵਾਲਾ ਹੈ, ਉਥੇ ਹੀ ਹੁਣ ਪੁਲਸ-ਪ੍ਰਸ਼ਾਸਨ ਵੀ ਹਰਕੱਤ 'ਚ ਆ ਗਿਆ ਹੈ। ਪੁਲਸ ਨੇ ਇਸ ਮਾਮਲੇ 'ਚ ਪੰਜ ਲੋਕਾਂ ਖਿਲਾਫ ਧਾਰਾ 304, 337, 338 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਦੌਰਾਨ ਇਮਾਰਤ ਦੇ ਬਿਲਡਰ ਫਾਰੁਖ ਕਾਜੀ, ਆਰਕੀਟੈਕਟ ਗੌਰਵ ਸ਼ਾਹ, ਬਿਲਡਿੰਗ ਦੇ ਆਰ.ਸੀ.ਸੀ. ਸਲਾਹਕਾਰ ਬਾਹੁਬਲੀ ਧਮਾਨੇ, ਮਹਾਡ ਨਗਰ ਪਾਲਿਕਾ ਦੇ ਕਾਰਜਕਾਰੀ ਅਧਿਕਾਰੀ ਦੀਪਕ ਝਿੰਝਾੜ ਅਤੇ ਬਿਲਡਿੰਗ ਇੰਸਪੈਕਟਰ ਸ਼ਸ਼ੀਕਾਂਤ ਦਿਘੇ ਨੂੰ ਦੋਸ਼ੀ ਬਣਾਇਆ ਗਿਆ ਹੈ। ਆਈ.ਪੀ.ਸੀ. ਦੀ ਧਾਰਾ 304 ਦੇ ਤਹਿਤ ਦੋਸ਼ੀ ਸਾਬਤ ਹੋਣ 'ਤੇ ਘੱਟ ਤੋਂ ਘੱਟ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ।
ਇਸ ਸੰਬੰਧ 'ਚ ਰਾਇਗੜ੍ਹ ਦੀ ਜ਼ਿਲ੍ਹਾ ਅਧਿਕਾਰੀ ਨਿਧੀ ਚੌਧਰੀ ਨੇ ਦੱਸਿਆ ਕਿ ਬਿਲਡਿੰਗ ਦਾ ਨਿਰਮਾਣ ਸਾਲ 2013 'ਚ ਪੂਰਾ ਹੋਇਆ ਸੀ। ਸਾਲ 2013 'ਚ ਹੀ ਬਿਲਡਿੰਗ ਦਾ ਨਿਰਮਾਣ ਪੂਰਾ ਹੋਣ ਦਾ ਸਰਟੀਫਿਕੇਟ ਦਿੱਤਾ ਗਿਆ ਸੀ। ਉਨ੍ਹਾਂ ਨੇ ਇਮਾਰਤ ਦੇ ਡਿੱਗਣ ਪਿੱਛੇ ਗੰਦੀ ਹਾਲਤ ਨੂੰ ਵਜ੍ਹਾ ਦੱਸਿਆ। ਜ਼ਿਕਰਯੋਗ ਹੈ ਕਿ ਇਸ ਹਾਦਸੇ ਤੋਂ ਬਾਅਦ ਰਾਇਗੜ ਦੀ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਸੀ ਕਿ ਇਸ ਹਾਦਸੇ ਲਈ ਜ਼ਿੰਮੇਦਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਰਾਇਗੜ੍ਹ ਦੀ ਇਸ ਇਮਾਰਤ 'ਚ 40 ਫਲੈਟ ਸਨ। ਜਿਸ 'ਚ ਲੱਗਭੱਗ 84 ਲੋਕਾਂ ਦੇ ਰਹਿਣ ਦੀ ਗੱਲ ਕਹੀ ਜਾ ਰਹੀ ਹੈ। ਹਾਦਸੇ 'ਚ 60 ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ। 24 ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ। ਇਨ੍ਹਾਂ 'ਚੋਂ 19 ਲੋਕਾਂ ਨੂੰ ਮਲਬੇ ਤੋਂ ਕੱਢਿਆ ਜਾ ਚੁੱਕਾ ਹੈ। ਐੱਨ.ਡੀ.ਆਰ.ਐੱਫ. ਅਤੇ ਸਥਾਨਕ ਪੁਲਸ ਨੇ ਮਲਬੇ ਤੋਂ 11 ਲੋਕਾਂ ਦੀਆਂ ਲਾਸ਼ਾਂ ਅਤੇ ਅੱਠ ਲੋਕਾਂ ਨੂੰ ਜਿੰਦਾ ਬਾਹਰ ਕੱਢ ਲਿਆ।