100 ਤੋਂ ਵੱਧ ਕਤਲ ਕਰਨ ਵਾਲਾ ਸੀਰੀਅਲ ਕਿਲਰ ਡਾਕਟਰ ਗ੍ਰਿਫਤਾਰ, 4 ਰਾਜਾਂ ਦੀ ਪੁਲਸ ਨੂੰ ਸੀ ਤਲਾਸ਼

Friday, Jul 31, 2020 - 09:43 AM (IST)

100 ਤੋਂ ਵੱਧ ਕਤਲ ਕਰਨ ਵਾਲਾ ਸੀਰੀਅਲ ਕਿਲਰ ਡਾਕਟਰ ਗ੍ਰਿਫਤਾਰ, 4 ਰਾਜਾਂ ਦੀ ਪੁਲਸ ਨੂੰ ਸੀ ਤਲਾਸ਼

ਨਵੀਂ ਦਿੱਲੀ- ਪੁਲਸ ਨੇ ਇਕ ਅਜਿਹੇ ਆਯੂਰਵੈਦਿਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਗਿਰੋਹ ਬਣਾ ਕੇ 100 ਤੋਂ ਵੱਧ ਟਰੱਕ ਡਰਾਈਵਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦਾ ਗਿਰੋਹ ਵਿਸ਼ੇਸ਼ ਰੂਪ ਨਾਲ ਐੱਲ.ਪੀ.ਜੀ. ਸਿਲੰਡਰ ਲਿਜਾਉਣ ਵਾਲੇ ਟਰੱਕ ਡਰਾਈਵਰਾਂ ਨੂੰ ਸ਼ਿਕਾਰ ਬਣਾਉਂਦਾ ਸੀ।

50 ਤੋਂ ਵੱਧ ਕਤਲ ਕਰਨ ਤੋਂ ਬਾਅਦ ਸ਼ਿਕਾਰ ਦੀ ਗਿਣਤੀ ਕਰਨੀ ਛੱਡੀ
ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਡੀ.ਸੀ.ਪੀ. (ਕ੍ਰਾਈਮ) ਰਾਕੇਸ਼ ਪਵੇਰੀਆ ਨੇ ਦੱਸਿਆ ਕਿ ਇਹ ਡਾਕਟਰ ਹੈ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹਾ ਸਥਿਤ ਪੁਰੇਨੀ ਪਿੰਡ ਦਾ ਰਹਿਣ ਵਾਲਾ ਦੇਵੇਂਦਰ ਸ਼ਰਮਾ। ਉਹ ਪੈਰੋਲ ਤੋਂ ਦੌੜ ਕੇ ਜਨਵਰੀ ਤੋਂ ਉੱਥੇ ਰਹਿ ਰਿਹਾ ਸੀ। ਪੁੱਛ-ਗਿੱਛ 'ਚ ਡਾਕਟਰ ਨੇ ਕਬੂਲ ਕੀਤਾ ਕਿ ਉਸ ਨੇ ਦਿੱਲੀ ਅਤੇ ਗੁਆਂਢੀ ਰਾਜਾਂ 'ਚ 50 ਤੋਂ ਵੱਧ ਟਰੱਕ ਡਰਾਈਵਰਾਂ ਦਾ ਕਤਲ ਕਰਨ ਤੋਂ ਬਾਅਦ ਸ਼ਿਕਾਰ ਦੀ ਗਿਣਤੀ ਕਰਨਾ ਹੀ ਛੱਡ ਦਿੱਤਾ। ਉਨ੍ਹਾਂ ਨੇ ਕਿਹਾ ਕਿ ਡਾਕਟਰ ਅਤੇ ਉਸ ਦਾ ਗਿਰੋਹ ਕਤਲ ਦੇ 100 ਤੋਂ ਵੱਧ ਮਾਮਲਿਆਂ 'ਚ ਸ਼ਾਮਲ ਰਿਹਾ ਹੈ, ਕਿਉਂਕਿ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ 'ਚ ਉਸ ਵਿਰੁੱਧ ਦਰਜ ਮਾਮਲੇ 'ਚ ਸੰਬੰਧਤ ਸੂਬਿਆਂ ਦੀ ਪੁਲਸ ਜਾਂਚ ਕਰ ਰਹੀ ਹੈ।

ਕਿਡਨੀ ਟਰਾਂਸਪਲਾਂਟ ਦੇ ਅੰਤਰਰਾਜੀ ਗਿਰੋਹ 'ਚ ਵੀ ਹੋਇਆ ਸ਼ਾਮਲ
ਡੀ.ਸੀ.ਪੀ. ਨੇ ਦੱਸਿਆ ਕਿ ਡਾਕਟਰ ਨੇ 1992 'ਚ ਗੈਸ ਡੀਲਰਸ਼ਿਪ ਸਕੀਮ 'ਚ 11 ਲੱਖ ਰੁਪਏ ਨਿਵੇਸ਼ ਕੀਤੇ ਪਰ ਉਸ ਨੂੰ ਨੁਕਸਾਨ ਹੋ ਗਿਆ। ਇਸ ਤੋਂ ਬਾਅਦ 1995 'ਚ ਉਸ ਨੇ ਕਲੀਨਿਕ ਛੱਡ ਕੇ ਅਲੀਗੜ੍ਹ ਦੇ ਛਾਰਾ ਪਿੰਡ 'ਚ ਫਰਜ਼ੀ ਗੈਸ ਏਜੰਸੀ ਸ਼ੁਰੂ ਕਰ ਦਿੱਤੀ ਅਤੇ ਬਾਅਦ 'ਚ ਅਪਰਾਧਕ ਗਤੀਵਿਧੀਆਂ 'ਚ ਸ਼ਾਮਲ ਹੋ ਗਿਆ। ਉਸ ਦੇ ਸਹਿਯੋਗੀ ਐੱਲ.ਪੀ.ਜੀ. ਸਿਲੰਡਰ ਲਿਜਾਉਣ ਵਾਲੇ ਟਰੱਕਾਂ ਨੂੰ ਲੁੱਟ ਲੈਂਦੇ ਸਨ ਅਤੇ ਡਰਾਈਵਰਾਂ ਦਾ ਕਤਲ ਕਰ ਦਿੰਦੇ ਸਨ। ਇਸ ਤੋਂ ਬਾਅਦ ਟਰੱਕ ਦੇ ਸਿਲੰਡਰ ਆਪਣੀ ਫਰਜ਼ੀ ਗੈਸ ਏਜੰਸੀ 'ਚ ਉਤਾਰ ਲੈਂਦੇ ਸਨ। ਸਾਲ 1994 'ਚ ਡਾਕਟਰ ਕਿਡਨੀ ਟਰਾਂਸਪਲਾਂਟ ਦੇ ਅੰਤਰਰਾਜੀ ਗਿਰੋਹ 'ਚ ਸ਼ਾਮਲ ਹੋ ਗਿਆ। ਸਾਲ 2004 'ਚ ਗੁੜਗਾਓਂ ਕਿਡਨੀ ਗਿਰੋਹ ਮਾਮਲੇ 'ਚ ਉਸ ਨੂੰ ਅਤੇ ਕਈ ਹੋਰ ਡਾਕਟਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਉਕਤ ਡਾਕਟਰ ਅਗਵਾ ਅਤੇ ਕਤਲ ਦੇ ਕਈ ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ।
 


author

DIsha

Content Editor

Related News