50 ਰੁਪਏ ਦੀ ਰਿਸ਼ਵਤ ਲੈਂਦੇ ਕੈਮਰੇ ''ਚ ਕੈਦ ਹੋਏ ਪੁਲਸ ਵਾਲੇ, FIR ਦਰਜ

Friday, Oct 02, 2026 - 08:30 PM (IST)

50 ਰੁਪਏ ਦੀ ਰਿਸ਼ਵਤ ਲੈਂਦੇ ਕੈਮਰੇ ''ਚ ਕੈਦ ਹੋਏ ਪੁਲਸ ਵਾਲੇ, FIR ਦਰਜ

ਕਟਿਹਾਰ : ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦੇ ਕਦਵਾ ਥਾਣਾ ਖੇਤਰ ਵਿੱਚ ਡਾਇਲ 112 ਦੀ ਗੱਡੀ ਵਿੱਚ ਤਾਇਨਾਤ ਪੁਲਸ ਕਰਮਚਾਰੀਆਂ 'ਤੇ ਪਸ਼ੂ ਲੱਦੇ ਇੱਕ ਪਿਕਅੱਪ ਵਾਹਨ ਤੋਂ ਗੈਰ-ਕਾਨੂੰਨੀ ਵਸੂਲੀ ਕਰਨ ਦਾ ਦੋਸ਼ ਲੱਗਾ ਹੈ। ਸੋਸ਼ਲ ਮੀਡੀਆ 'ਤੇ 50 ਰੁਪਏ ਦੀ ਰਿਸ਼ਵਤ ਲੈਂਦਿਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਵਿਭਾਗ ਨੇ ਆਪਣੇ ਹੀ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਕੁਮਹਰੀ ਨਾਮਕ ਜਗ੍ਹਾ ਨੇੜੇ ਵਾਪਰੀ। ਵਾਇਰਲ ਵੀਡੀਓ ਲਗਭਗ 2 ਮਿੰਟ 44 ਸੈਕਿੰਡ ਦੀ ਹੈ, ਜਿਸ ਵਿੱਚ ਇੱਕ ਮਿਨੀ ਟਰੱਕ (ਪਿਕਅੱਪ) ਵਿੱਚ ਇੱਕ ਗਾਂ, ਉਸ ਦਾ ਵੱਛਾ ਅਤੇ ਇੱਕ ਬੱਕਰੀ ਲੱਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ ਬਣਾਉਣ ਵਾਲੇ ਨੌਜਵਾਨ ਨੇ ਦੱਸਿਆ ਕਿ ਗਾਂ ਉਸ ਦੀ ਭੈਣ ਦੇ ਵਿਆਹ ਵਿੱਚ ਦਾਜ ਵਜੋਂ ਦੇਣ ਲਈ ਲਿਜਾਈ ਜਾ ਰਹੀ ਸੀ ਅਤੇ ਇਸ ਦਾ ਪਸ਼ੂ ਤਸਕਰੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਦੋਸ਼ ਹੈ ਕਿ ਹਾਈਵੇਅ 'ਤੇ ਗਸ਼ਤ ਕਰ ਰਹੀ ਡਾਇਲ 112 ਦੀ ਗੱਡੀ ਨੇ ਵਾਹਨ ਨੂੰ ਰੋਕਿਆ ਅਤੇ ਗਾਂ ਲਿਜਾਣ ਬਦਲੇ ਪੈਸਿਆਂ ਦੀ ਮੰਗ ਕੀਤੀ।

ਗੱਲਬਾਤ ਤੋਂ ਬਾਅਦ ਪਿਕਅੱਪ ਦੇ ਡਰਾਈਵਰ ਨੇ ਗੱਡੀ ਵਿੱਚ ਸਵਾਰ ਵਿਅਕਤੀਆਂ ਕੋਲੋਂ 50 ਰੁਪਏ ਦਾ ਨੋਟ ਲੈ ਕੇ ਪੁਲਸ ਕਰਮਚਾਰੀ ਨੂੰ ਦੇ ਦਿੱਤਾ। ਵੀਡੀਓ ਵਿੱਚ ਪੁਲਸ ਕਰਮਚਾਰੀ ਨੂੰ ਇਹ ਰਕਮ ਲੈਂਦੇ ਹੋਏ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਪਿਕਅੱਪ ਸਵਾਰਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਕਟਿਹਾਰ ਦੇ ਐੱਸ.ਪੀ. ਪਰਿਚੇ ਕੁਮਾਰ ਦੇ ਨਿਰਦੇਸ਼ਾਂ 'ਤੇ ਟ੍ਰੈਫਿਕ ਡੀ.ਐੱਸ.ਪੀ. ਸੱਦਾਮ ਹੁਸੈਨ ਨੇ ਮਾਮਲੇ ਦੀ ਜਾਂਚ ਕੀਤੀ। ਜਾਂਚ ਦੌਰਾਨ ਦੋਸ਼ ਸਹੀ ਪਾਏ ਗਏ, ਜਿਸ ਤੋਂ ਬਾਅਦ ਡਾਇਲ 112 ਦੀ ਡਿਊਟੀ 'ਤੇ ਤਾਇਨਾਤ ਪੀ.ਟੀ.ਸੀ. ਟਿੰਕੂ ਕੁਮਾਰ, ਸਿਪਾਹੀ ਅਭਿਮੰਨਿਊ ਕੁਮਾਰ ਅਤੇ ਚਾਲਕ ਅਰਜੁਨ ਯਾਦਵ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਖ਼ਿਲਾਫ਼ ਕਦਵਾ ਥਾਣੇ ਵਿੱਚ FIR ਦਰਜ ਕੀਤੀ ਗਈ ਹੈ। ਇਨ੍ਹਾਂ ਤਿੰਨਾਂ ਨੂੰ AWPO ਦਾਨਾਪੁਰ (ਮੁੱਖ ਦਫ਼ਤਰ ਝਾਰਖੰਡ ਤੇ ਬਿਹਾਰ) ਵਾਪਸ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ।
 


author

Inder Prajapati

Content Editor

Related News