ਮੈਨੂੰ ਨਾਬਾਲਗ ਜਬਰ-ਜ਼ਿਨਾਹ ਪੀੜਤਾ ਨਾਲ ਮਿਲਣ ਨਹੀਂ ਦੇ ਰਹੀ ਪੁਲਸ: ਸਵਾਤੀ ਮਾਲੀਵਾਲ

08/22/2023 3:40:16 PM

ਨਵੀਂ ਦਿੱਲੀ- ਸੇਂਟ ਸਟੀਫਨਸ ਹਸਪਤਾਲ 'ਚ ਦਿੱਲੀ ਮਹਿਲਾ ਕਮਿਸ਼ਨ (DCW) ਦੀ ਪ੍ਰਧਾਨ ਸਵਾਤੀ ਮਾਲੀਵਾਲ ਦਾ ਧਰਨਾ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ, ਜਿੱਥੇ ਉਸ ਨਾਬਾਲਗ ਕੁੜੀ ਨੂੰ ਦਾਖ਼ਲ ਕਰਵਾਇਆ ਗਿਆ। ਦਰਅਸਲ ਇਸ ਨਾਬਾਲਗ ਕੁੜੀ ਨਾਲ ਦਿੱਲੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਜਬਰ-ਜ਼ਿਨਾਹ ਕੀਤਾ ਸੀ। ਮਾਲੀਵਾਲ ਇਹ ਦਾਅਵਾ ਕਰਦੇ ਹੋਏ ਸੋਮਵਾਰ ਨੂੰ ਸਵੇਰੇ ਧਰਨੇ 'ਤੇ ਬੈਠ ਗਈ ਸੀ ਕਿ ਉਸ ਨੂੰ ਪੀੜਤਾ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ। ਹਾਲਾਂਕਿ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਪੀੜਤਾ ਦੀ ਮਾਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੀ ਕਿਉਂਕਿ ਉਸਦੀ ਧੀ ਅਜੇ ਵੀ ਨਿਗਰਾਨੀ 'ਚ ਹੈ। 

ਪੁਲਸ ਮੁਤਾਬਕ ਦਿੱਲੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਮੋਦ ਖਾਖਾ ਨੇ ਨਵੰਬਰ 2020 ਤੋਂ ਜਨਵਰੀ 2021 ਦੌਰਾਨ ਕੁੜੀ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਪੁਲਸ ਮੁਤਾਬਕ ਖਾਖਾ ਦੀ ਪਤਨੀ ਸੀਮਾ ਰਾਣੀ ਨੇ ਪੀੜਤਾ ਨੂੰ ਗਰਭ ਸੁੱਟਣ ਦੀ ਦਵਾਈ ਦਿੱਤੀ। ਖਾਖਾ ਅਤੇ ਸੀਮਾ ਰਾਣੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮਾਲੀਵਾਲ ਨੇ ਕਿਹਾ, 'ਮੈਂ ਇੱਥੇ (ਸੇਂਟ ਸਟੀਫਨਸ ਹਸਪਤਾਲ) ਕੱਲ ਸਵੇਰੇ 11 ਵਜੇ ਆਈ ਸੀ ਪਰ ਦਿੱਲੀ ਪੁਲਸ ਨੇ ਮੈਨੂੰ ਨਾ ਤਾਂ ਕੁੜੀ ਅਤੇ ਨਾ ਹੀ ਉਸ ਦੀ ਮਾਂ ਨਾਲ ਮਿਲਣ ਦਿੱਤਾ। ਮੈਂ ਪੂਰੀ ਰਾਤ ਇੱਥੇ ਰਹੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਪੁਲਸ ਮੈਨੂੰ ਉਨ੍ਹਾਂ ਨਾਲ ਮਿਲਣ ਤੋਂ ਕਿਉਂ ਰੋਕ ਰਹੀ ਹੈ।' 

DCW ਪ੍ਰਧਾਨ ਨੇ ਕਿਹਾ ਕਿ ਕਮਿਸ਼ਨ ਨੇ ਇਸ ਮਾਮਲੇ 'ਚ ਕਾਰਵਾਈ ਲਈ ਦਿੱਲੀ ਪੁਲਸ, ਸ਼ਹਿਰ ਦੀ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਸੇਵਾ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਹੈ। ਉਸ ਨੇ ਕਿਹਾ ਕਿ ਮਾਮਲੇ 'ਚ ਅੱਗੇ ਦੀ ਕਾਰਵਾਈ ਲਈ ਕੁੜੀ ਅਤੇ ਉਸ ਦੀ ਮਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈ। ਮਾਲੀਵਾਲ ਨੇ ਬਾਅਦ 'ਚ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰਦਿਆਂ ਲਿਖਿਆ, 'ਜੇਕਰ ਮੈਂ ਕੁੜੀ ਨੂੰ ਮਿਲਣ ਨਾ ਆਉਂਦੀ, ਤਾਂ ਉਹ ਕਹਿੰਦੇ ਕਿ ਮੈਂ ਉਸਨੂੰ ਮਿਲਣ ਦੀ ਖੇਚਲ ਨਹੀਂ ਕੀਤੀ ਅਤੇ ਹੁਣ ਜਦ ਮੈਂ ਇੱਥੇ ਆਈ ਹਾਂ ਤਾਂ ਉਹ ਕਹਿ ਰਹੇ ਹਨ ਕਿ ਇਹ ਨਾਟਕ ਹੈ। ਰਾਜਨੀਤੀ ਇੱਥੇ ਤੱਕ ਡਿੱਗ ਗਈ ਹੈ ਕਿ ਨੇਤਾ ਸੱਚ ਬੋਲ ਹੀ ਨਹੀਂ ਸਕਦੇ।' 

ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਮੁੱਖ ਸਕੱਤਰ ਨੂੰ ਮੁਲਜ਼ਮ ਅਧਿਕਾਰੀ ਨੂੰ ਸਸਪੈਂਡ ਕਰਨ ਦਾ ਹੁਕਮ ਦਿੱਤਾ ਹੈ। ਹੁਕਮ ਮੁਤਾਬਕ ਮੁਅੱਤਲੀ ਸਮੇਂ ਦੌਰਾਨ ਉਕਤ ਅਧਿਕਾਰੀ ਨੂੰ ਵਿਭਾਗ ਦੇ ਮੁੱਖ ਦਫ਼ਤਰ ਤੋਂ ਬਿਨਾਂ ਅਗਾਊਂ ਇਜਾਜ਼ਤ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਪੁਲਸ ਦੇ ਡਿਪਟੀ ਕਮਿਸ਼ਨਰ ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਸੀਮਾ ਰਾਣੀ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਨੇ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ, ਜਦਕਿ ਖਾਖਾ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Tanu

Content Editor

Related News