ਪੁਲਸ ਪ੍ਰੀਖਿਆ ਪੇਪਰ ਲੀਕ ਮਾਮਲਾ: ਅਸਾਮ ਦੇ ਸਾਬਕਾ DIG ਹਿਰਾਸਤ ''ਚ

10/06/2020 5:52:41 PM

ਗੁਹਾਟੀ (ਭਾਸ਼ਾ)— ਪੁਲਸ ਭਰਤੀ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਵਾਂਟੇਡ, ਅਸਾਮ ਦੇ ਸਾਬਕਾ ਡੀ. ਆਈ. ਜੀ. ਪੀ. ਕੇ. ਦੱਤਾ ਨੂੰ ਭਾਰਤ-ਨੇਪਾਲ ਸਰਹੱਦ 'ਤੇ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਦੇ ਇਕ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅਸਾਮ ਸੀ. ਆਈ. ਡੀ. ਵਲੋਂ ਜਾਰੀ 'ਲੁਕ ਆਊਟ ਸਰਕੁਲਰ' (ਐੱਲ. ਓ. ਸੀ.) ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਦੱਤਾ ਨੂੰ ਹਿਰਾਸਤ ਵਿਚ ਲਿਆ ਹੈ। 

ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਕਾਨੂੰਨ ਵਿਵਸਥਾ) ਜੀ. ਪੀ. ਸਿੰਘ ਨੇ ਦੱਸਿਆ ਕਿ ਦੱਤਾ ਨੂੰ ਅਜੇ ਪੱਛਮੀ ਬੰਗਾਲ ਪੁਲਸ ਦੇ ਹਵਾਲੇ ਕੀਤਾ ਗਿਆ ਹੈ ਅਤੇ ਅਸਾਮ ਪੁਲਸ ਦੀ ਇਕ ਟੀਮ ਉਸ ਨੂੰ ਸੂਬੇ 'ਚ ਲਿਆਉਣ ਲਈ ਰਸਤੇ ਵਿਚ ਹੈ। ਦੱਤਾ ਇਕ ਹੋਰ ਦੋਸ਼ੀ, ਭਾਜਪਾ ਪਾਰਟੀ ਤੋਂ ਕੱਢੇ ਗਏ ਨੇਤਾ ਦਿਬਾਨ ਡੇਕਾ ਨਾਲ ਫਰਾਰ ਹੋ ਗਿਆ ਸੀ। ਡੇਕਾ ਨੂੰ ਇਕ ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਬਾ ਪੁਲਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਪੇਪਰ ਲੀਕ ਮਾਮਲੇ ਵਿਚ ਹੁਣ ਤੱਕ 32 ਲੋਕਾਂ ਨੂੰ ਫੜ੍ਹਿਆ ਜਾ ਚੁੱਕਾ ਹੈ ਅਤੇ ਦੱਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਗਿਣਤੀ 33 ਹੋ ਗਈ ਹੈ। 

ਇਹ ਹੈ ਪੂਰਾ ਮਾਮਲਾ—
ਦੱਸਣਯੋਗ ਹੈ ਕਿ ਅਸਾਮ ਪੁਲਸ ਸੂਬੇ ਵਿਚ 587 ਪੁਲਸ ਸਬ-ਇੰਸਪੈਕਟਰਾਂ ਦੀ ਨਿਯੁਕਤੀ ਕਰਨ ਜਾ ਰਹੀ ਸੀ ਪਰ ਪ੍ਰੀਖਿਆ ਤੋਂ ਪਹਿਲਾਂ ਹੀ ਇਸ ਦਾ ਪ੍ਰਸ਼ਨ ਪੱਤਰ ਸੋਸ਼ਲ ਮੀਡੀਆ 'ਤੇ ਲੀਕ ਹੋ ਗਿਆ। ਇਸ ਤੋਂ ਬਾਅਦ 20 ਸਤੰਬਰ ਨੂੰ ਪ੍ਰੀਖਿਆ ਰੱਦ ਕਰ ਦਿੱਤੀ ਗਈ। ਇਸ ਪ੍ਰੀਖਿਆ ਵਿਚ 20 ਹਜ਼ਾਰ ਤੋਂ ਵਧੇਰੇ ਪ੍ਰੀਖਿਆਰਥੀ ਸ਼ਾਮਲ ਹੋਣ ਵਾਲੇ ਸਨ ਅਤੇ ਪ੍ਰੀਖਿਆ ਲਈ 154 ਕੇਂਦਰ ਬਣਾਏ ਗਏ ਸਨ। ਇਸ ਮਾਮਲੇ ਵਿਚ ਸਾਬਕਾ ਡੀ. ਆਈ. ਜੀ. ਪੀ. ਕੇ. ਦੱਤਾ ਦੋਸ਼ੀ ਹਨ। ਉਨ੍ਹਾਂ ਵਿਰੁੱਧ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।


Tanu

Content Editor

Related News