ਸੋਨੀਆ ਗਾਂਧੀ ਖ਼ਿਲਾਫ਼ ''ਨਫ਼ਰਤੀ ਭਾਸ਼ਣ'' ਨੂੰ ਲੈ ਕੇ ਅਸਾਮ ਦੇ CM ਵਿਰੁੱਧ ਪੁਲਸ ''ਚ ਸ਼ਿਕਾਇਤ ਦਰਜ
Thursday, Sep 21, 2023 - 08:15 PM (IST)
ਗੁਹਾਟੀ- ਕਾਂਗਰਸ ਦੀ ਅਸਾਮ ਇਕਾਈ ਦੇ ਸੀਨੀਅਰ ਨੇਤਾ ਦੇਬਬ੍ਰਤ ਸੈਕੀਆ ਨੇ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਖ਼ਿਲਾਫ਼ ਕਥਿਤ ਤੌਰ 'ਤੇ 'ਨਫ਼ਰਤੀ ਭਾਸ਼ਣ' ਦੇਣ ਨੂੰ ਲੈ ਕੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਦੇ ਵਿਰੁੱਧ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਅਸਾਮ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੈਕੀਆ ਨੇ ਪੁਲਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ 'ਚ ਕਿਹਾ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਮੁੱਖ ਮੈਂਬਰ ਕਮਲਨਾਥ 'ਤੇ ਉਨ੍ਹਾਂ ਦੀ ਹਿੰਦੂ ਪਛਾਣ ਨੂੰ ਲੈ ਕੇ ਵਿਅੰਗ ਕੱਸਦੇ ਹੋਏ ਸ਼ਰਮਾ ਨੇ ਕਿਹਾ ਸੀ ਕਿ 10 ਜਨਪਥ ਨੂੰ ਸਾੜ ਦੇਣਾ ਚਾਹੀਦਾ ਹੈ। 10 ਜਨਪਥ ਸੋਨੀਆ ਗਾਂਧੀ ਦਾ ਘਰ ਹੈ। ਸ਼ਰਮਾ ਨੇ 18 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ 'ਚ ਇਕ ਰੈਲੀ 'ਚ ਦਿੱਤੇ ਭਾਸ਼ਣ 'ਚ ਕਥਿਤ ਤੌਰ 'ਤੇ ਇਹ ਕਿਹਾ ਸੀ।
ਸੈਕੀਆ ਨੇ ਕਿਹਾ ਕਿ ਅਜਿਹੇ ਦੇਸ਼ 'ਚ ਜਿੱਥੇ ਕਾਨੂੰਨ ਦਾ ਸ਼ਾਸਨ ਹੈ, ਉਥੇ ਸ਼ਰਮਾ ਚੋਣਾਵੀ ਬਿਆਨਬਾਜ਼ੀ ਨੂੰ ਹੇਠਲੇ ਪੱਧਰ 'ਤੇ ਲੈ ਗਏ ਹਨ ਅਤੇ ਹਿੰਸਾ ਤੇ ਅੱਗਜਨੀ ਲਈ ਸਪਸ਼ਟ ਰੂਪ ਨਾਲ ਉਕਸਾ ਰਹੇ ਹਨ। ਕਾਂਗਰਸ ਨੇਤਾ ਨੇ ਕਿਹਾ ਕਿ ਇਹ ਬਿਆਨ ਮੱਧ ਪ੍ਰਦੇਸ਼ 'ਚ ਦਿੱਤਾ ਗਿਆ ਸੀ ਪਰ ਇਸਨੂੰ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ 'ਤੇ ਵਿਆਪਕ ਰੂਪ ਨਾਲ ਪ੍ਰਸਾਰਿਤ ਕੀਤਾ ਗਿਆ ਹੈ ਅਤੇ ਇਹ ਅਸਾਮ 'ਚ ਵੀ ਉਪਲੱਬਧ ਹੈ।
ਉਨ੍ਹਾਂ ਕਿਹਾ ਕਿ ਸੋਨੀਆ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਪਤਨੀ ਹੈ ਅਤੇ 77 ਸਾਲਾ ਔਰਤ ਦੇ ਘਰ ਨੂੰ ਸਾੜ ਦੇਣ ਦੀ ਗੱਲ ਆਖ ਕੇ ਸ਼ਰਮਾ ਨਾ ਸਿਰਫ ਵਿਰੋਧੀ ਧਰ ਦੇ ਇਕ ਪ੍ਰਮੁੱਖ ਚਿਹਰੇ 'ਤੇ ਹਮਲਾ ਕਰ ਰਹੇ ਹਨ ਸਗੋਂ ਅੱਗਜਨੀ ਲਈ ਸਪਸ਼ਟ ਅਪੀਲ ਵੀ ਕਰ ਰਹੇ ਹਨ। ਸੈਕੀਆ ਨੇ ਕਿਹਾ ਕਿ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਦੁਆਰਾ ਦਿੱਤਾ ਗਿਆ ਇਸ ਤਰ੍ਹਾਂ ਦਾ ਵਿਵਾਦਿਤ ਬਿਆਨ ਗੁੰਮਰਾਹ ਵਿਅਕਤੀਆਂ ਨੂੰ ਹਿੰਸਾ ਲਈ ਉਕਸਾ ਸਕਦਾ ਹੈ ਅਤੇ ਇਸ ਨਾਲ 10 ਜਨਪਥ ਨੂੰ ਨੁਕਸਾਨ ਪਹੁੰਚ ਸਕਦਾ ਹੈ।