ਤੇਲੰਗਾਨਾ-ਛੱਤੀਸਗੜ੍ਹ ਸਰਹੱਦੀ ਖੇਤਰ ’ਚ ਮੁਕਾਬਲਾ; 6 ਨਕਸਲੀ ਢੇਰ
Monday, Dec 27, 2021 - 10:58 AM (IST)
ਹੈਦਰਾਬਾਦ— ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਤੇਲੰਗਾਨਾ-ਛੱਤੀਸਗੜ੍ਹ ਸਰਹੱਦੀ ਖੇਤਰ ’ਚ ਪੁਲਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿਚ 6 ਨਕਸਲੀ ਮਾਰੇ ਗਏ। ਕੋਠਾਗੁਡੇਮ ਥਾਣੇ ਦੇ ਐੱਸ. ਪੀ. ਸੁਨੀਲ ਦੱਤ ਮੁਤਾਬਕ ਤੇਲੰਗਾਨਾ-ਛੱਤੀਸਗੜ੍ਹ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੀ ਇਕ ਸਾਂਝੀ ਮੁਹਿੰਮ ’ਚ ਨਕਸਲੀ ਮਾਰੇ ਗਏ। ਘਟਨਾ ਸੁਕਮਾ ਜ਼ਿਲ੍ਹੇ ਦੇ ਦੱਖਣੀ ਬਸਤਰ ਖੇਤਰ ਦੇ ਕਿਸ਼ਤਾਰਾਮ ਥਾਣਾ ਖੇਤਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨਾਂ ਨੇ ਹੁਣ ਤੱਕ 6 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉੱਥੇ ਹੀ ਮੌਕੇ ਤੋਂ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਇਹ ਆਪਰੇਸ਼ਨ ਤੇਲੰਗਾਨਾ ਦੇ ਕੋਠਾਗੁਡੇਮ ਐੱਸ. ਪੀ. ਸੁਨੀਲ ਦੱਤ ਦੀ ਅਗਵਾਈ ਵਿਚ ਚਲਾਇਆ ਗਿਆ ਸੀ। ਉੱਥੇ ਹੀ ਮੌਕੇ ’ਤੇ ਲਗਾਤਾਰ ਖੋਜ ਮੁਹਿੰਮ ਜਾਰੀ ਹੈ। ਸੁਨੀਲ ਦੱਤ ਨੇ ਦੱਸਿਆ ਕਿ ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਸਰਹੱਦੀ ਖੇਤਰ ਕਿਸ਼ਤਾਰਾਮ ਪੀ. ਐੱਸ. ਸਰਹੱਦ ਦੇ ਜੰਗਲੀ ਖੇਤਰ ਵਿਚ ਹੋਏ ਮੁਕਾਬਲੇ ’ਚ 6 ਨਕਸਲੀ ਮਾਰੇ ਗਏ ਹਨ। ਓਧਰ ਐੱਸ. ਪੀ. ਨੇ ਦੱਸਿਆ ਕਿ ਇਹ ਮੁਹਿੰਮ ਤੇਲੰਗਾਨਾ ਪੁਲਸ, ਛੱਤੀਸਗੜ੍ਹ ਪੁਲਸ ਅਤੇ ਸੀ. ਆਰ. ਪੀ. ਐੱਫ. ਦੀ ਸਾਂਝੀ ਮੁਹਿੰਮ ਹੈ। ਘਟਨਾ ਸਵੇਰੇ ਸਾਢੇ 6 ਤੋਂ 7 ਵਜੇ ਦਰਮਿਆਨ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਕਸਲੀਆਂ ਵਲੋਂ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦੀ ਖ਼ੁਫੀਆ ਜਾਣਕਾਰੀ ਮਿਲੀ ਸੀ।