ਰਾਜਸਥਾਨ 'ਚ ਫੜੇ ਗਏ 2 ਪੰਜਾਬੀ ਤਸਕਰ ! ਪੁਲਸ ਨੇ ਫਿਲਮੀ ਅੰਦਾਜ਼ 'ਚ ਦਿੱਤਾ ਕਾਰਵਾਈ ਨੂੰ ਅੰਜਾਮ
Tuesday, May 05, 2026 - 04:00 PM (IST)
ਜੈਪੁਰ- ਰਾਜਸਥਾਨ ਦੀ ਪੁਲਸ ਨੇ ਗੰਗਾਨਗਰ ਜ਼ਿਲ੍ਹੇ 'ਚ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ 2 ਨੌਜਵਾਨਾਂ ਨੂੰ ਫਿਲਮੀ ਅੰਦਾਜ਼ 'ਚ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਹੈਰੋਇਨ, ਅਫੀਮ ਅਤੇ ਗੈਰ-ਕਾਨੂੰਨੀ ਹਥਿਆਰ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਕਾਰਵਾਈ ਸਮੇਜਾ ਕੋਠੀ ਪੁਲਸ ਵਲੋਂ ਭਾਰਤ ਮਾਲਾ ਹਾਈਵੇਅ 'ਤੇ ਕੀਤੀ ਗਈ। ਨੌਜਵਾਨਾਂ ਕੋਲੋਂ 1.5 ਕਿਲੋ ਹੈਰੋਇਨ, ਇਕ ਕਿਲੋ ਅਫੀਮ, 5 ਪਿਸਤੌਲ, 10 ਮੈਗਜ਼ੀਨ ਅਤੇ 72 ਕਾਰਤੂਸ ਜ਼ਬਤ ਕੀਤੇ ਗਏ। ਜ਼ਿਲ੍ਹਾ ਪੁਲਸ ਸੁਪਰਡੈਂਟ ਹਰਿਸ਼ੰਕਰ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਕੁਲਵਿੰਦਰ ਸਿੰਘ ਅਤੇ ਰੋਬਿਨ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਅਨੁਸਾਰ ਜ਼ਬਤ ਹਥਿਆਰ ਪਾਕਿਸਤਾਨ ਅਤੇ ਚੀਨ 'ਚ ਬਣੇ ਹਨ।
ਹੈਰੋਇਨ ਦੀ ਸਪਲਾਈ ਵੀ ਸਰਹੱਦ ਪਾਰ ਤੋਂ ਹੋਣ ਦਾ ਖ਼ਦਸ਼ਾ ਹੈ। ਪੁਲਸ ਟੀਮ ਨੇ ਇਕ ਕਾਰ 'ਚ ਸ਼ੱਕੀ ਰੂਪ ਨਾਲ ਘੁੰਮ ਰਹੇ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਦੋਸ਼ੀਆਂ ਨੇ ਪੁਲਸ ਬੈਰੀਕੇਡ ਤੋੜ ਕੇ ਦੌੜਣ ਦੀ ਕੋਸ਼ਿਸ਼ ਕੀਤੀ। ਪੁਲਸ ਵਲੋਂ ਪਿੱਛਾ ਕੀਤੇ ਜਾਣ 'ਤੇ ਉਨ੍ਹਾਂ ਦੀ ਕਾਰ ਇਕ ਟਰਾਲੀ ਨਾਲ ਟਕਰਾ ਗਈ, ਜਿਸ ਨਾਲ ਉਸ ਦੇ ਟਾਇਰ ਫਟ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀਆਂ ਨੇ ਕੋਲ ਦੇ ਖੇਤਾਂ 'ਚ ਪੈਦਲ ਦੌੜਣ ਦੀ ਕੋਸ਼ਿਸ਼ ਕੀਤੀ ਪਰ ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਫੜ ਲਿਆ ਗਿਆ। ਪੁਲਸ ਨੇ ਦੱਸਿਆ ਕਿ ਜ਼ਬਤ ਕੀਤੇ ਗਏ ਹਥਿਆਰਾਂ 'ਚੋਂ ਚਾਰ ਪਿਸਤੌਲ 'ਤੇ 'ਮੇਡ ਇਨ ਪਾਕਿਸਤਾਨ' ਅਤੇ ਇਕ 'ਤੇ 'ਮੇਡ ਇਨ ਚਾਈਨਾ' ਲਿਖਿਆ ਸੀ, ਜੋ ਦੋਸ਼ੀਆਂ ਦੇ ਸੰਗਠਿਤ ਤਸਕਰੀ ਨੈੱਟਵਰਕ ਨਾਲ ਜੁੜੇ ਹੋਣ ਦਾ ਸੰਕੇਤ ਹੈ। ਉਨ੍ਹਾਂ ਅੱਗੇ ਕਿਹਾ ਕਿ ਹੈਰੋਇਨ ਦੀ ਗੁਣਵੱਤਾ ਅਤੇ ਪੈਕੇਜਿੰਗ ਵੀ ਉਸ ਦੇ ਅੰਤਰਰਾਸ਼ਟਰੀ ਹੋਣ ਦਾ ਸੰਕੇਤ ਦਿੰਦੀ ਹੈ। ਜ਼ਿਲ੍ਹਾ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮਾਮਲੇ 'ਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
