ਬਾਪੂ ਅਤੇ ਪਟੇਲ ਦੀ ਧਰਤੀ ਗੁਜਰਾਤ ''ਚ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਚਿੰਤਾ ਦਾ ਵਿਸ਼ਾ : ਰਾਹੁਲ ਗਾਂਧੀ
Friday, Jul 29, 2022 - 11:53 AM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਗੁਜਰਾਤ ਸਰਕਾਰ 'ਤੇ ਜ਼ਹਿਰੀਲੀ ਸ਼ਰਾਬ ਤ੍ਰਾਸਦੀ 'ਤੇ ਸਵਾਲੀਆ ਨਿਸ਼ਾਨਾ ਉਠਾਉਂਦੇ ਹੋਏ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਰਾਸ਼ਟਰਪਿਤਾ ਬਾਪੂ ਅਤੇ ਸਰਦਾਰ ਪਟੇਲ ਦੀ ਧਰਤੀ 'ਚ ਅਜਿਹਾ ਹੋ ਰਿਹਾ ਹੈ। ਰਾਹੁਲ ਨੇ ਸੂਬੇ 'ਚ ਸੱਤਾਧਾਰੀ ਭਾਜਪਾ 'ਤੇ ਇਸ ਘਟਨਾ ਦੇ ਪਿੱਛੇ ਦੇ ਲੋਕਾਂ ਨੂੰ ਬਚਾਉਣ ਦਾ ਦੋਸ਼ ਲਗਾਇਆ ਹੈ। ਰਾਹੁਲ ਨੇ ਟਵੀਟ ਕੀਤਾ,''ਇਹ ਬੇਹੱਦ ਚਿੰਤਾ ਦੀ ਗੱਲ ਹੈ, ਬਾਪੂ ਅਤੇ ਸਰਦਾਰ ਪਟੇਲ ਦੀ ਧਰਤੀ 'ਤੇ, ਇਹ ਕੌਣ ਲੋਕ ਹਨ, ਜੋ ਧੜੱਲੇ ਨਾਲ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ? ਇਨ੍ਹਾਂ ਮਾਫੀਆ ਨੂੰ ਕਿਹੜੀ ਸੱਤਾਧਾਰੀ ਤਾਕਤਾਂ ਸੁਰੱਖਿਆ ਦੇ ਰਹੀਆਂ ਹਨ?''
ਕਾਂਗਰਸ ਨੇਤਾ ਨੇ ਕਿਹਾ,''ਡ੍ਰਾਈ ਸਟੇਟ ਗੁਜਰਾਤ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਘਰ ਉਜੜ ਗਏ। ਉੱਥੇ ਲਗਾਤਾਰ ਅਰਬਾਂ ਦੀ ਡਰੱਗ ਵੀ ਬਰਾਮਦ ਹੋ ਰਹੀ ਹੈ।'' ਸੂਬੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 42 ਹੋ ਗਈ ਹੈ ਅਤੇ ਕਰੀਬ 95 ਲੋਕ ਭਾਵਨਗਰ, ਬੋਟਾਡ ਅਤੇ ਅਹਿਮਦਾਬਾਦ 'ਚ ਹਾਲੇ ਵੀ ਹਸਪਤਾਲ 'ਚ ਦਾਖ਼ਲ ਹਨ। ਦੱਸਣਯੋਗ ਹੈ ਕਿ ਬੋਟਾਡ ਅਤੇ ਅਹਿਮਦਾਬਾਦ ਪੁਲਸ ਨੇ ਮੰਗਲਵਾਰ ਨੂੰ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਲਗਭਗ 20 ਦੋਸ਼ੀਆਂ ਖ਼ਿਲਾਫ ਤਿੰਨ ਐੱਫ.ਆਈ.ਆਰ. ਦਰਜ ਕੀਤੀਆਂ ਅਤੇ ਉਨ੍ਹਾਂ 'ਚੋਂ ਘੱਟੋ-ਗੱਟ 15 ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਜਾ ਚੁਕਿਆ ਹੈ। ਗੁਜਰਾਤ 'ਚ ਜ਼ਹਿਰੀਲੀ ਸ਼ਰਾਬ ਦੀ ਘਟਨਾ ਦਾ ਖੁਲਾਸਾ ਸੋਮਵਾਰ ਸਵੇਰੇ ਉਸ ਸਮੇਂ ਹੋਇਆ, ਜਦੋਂ ਬੋਟਾਡ ਦੇ ਰੋਜਿਡ ਅਤੇ ਉਸ ਦੇ ਨੇੜੇ-ਤੇੜੇ ਦੇ ਪਿੰਡਾਂ 'ਚ ਰਹਿਣ ਵਾਲੇ ਕੁਝ ਲੋਕਾਂ ਦੇ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜਨ 'ਤੇ ਬਰਵਾਲਾ ਖੇਤਰ ਅਤੇ ਬੋਟਾਡ ਦੇ ਕਸਬਿਆਂ ਦੇ ਸਰਕਾਰੀ ਹਸਪਤਾਲਾਂ 'ਚ ਉਨ੍ਹਾਂ ਨੂੰ ਇਲਾਜ ਲਈ ਲਿਆਜਾਇਆ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ