PMC ਘੁਟਾਲਾ : ਬੈਂਕ ਦੇ ਸਾਬਕਾ ਡਾਇਰੈਕਟਰ ਸੁਰਿੰਦਰ ਅਰੋੜਾ ਗ੍ਰਿਫਤਾਰ

Wednesday, Oct 16, 2019 - 10:01 PM (IST)

PMC ਘੁਟਾਲਾ : ਬੈਂਕ ਦੇ ਸਾਬਕਾ ਡਾਇਰੈਕਟਰ ਸੁਰਿੰਦਰ ਅਰੋੜਾ ਗ੍ਰਿਫਤਾਰ

ਮੁੰਬਈ (ਏਜੰਸੀ)- ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈੰਕ ਦੇ ਸਾਬਕਾ ਡਾਇਰੈਕਟਰ ਸੁਰਿੰਦਰ ਸਿੰਘ ਅਰੋੜਾ ਨੂੰ ਮੁੰਬਈ ਦੇ ਇਕਨਾਮਿਕ ਆਫੇਂਸ ਵਿੰਗ ਨੇ ਗ੍ਰਿਫਤਾਰ ਕੀਤਾ ਹੈ। ਬੁੱਧਵਾਰ ਨੂੰ ਉਨ੍ਹਾਂ ਕੋਲੋਂ ਪੀ.ਐਮ.ਸੀ. ਬੈਂਕ ਘੁਟਾਲੇ ਨੂੰ ਲੈ ਕੇ ਪੁੱਛਗਿੱਛ ਵੀ ਕੀਤੀ ਗਈ। ਅਰੋੜਾ ਬੈਂਕ ਦੀ ਕਰਜ਼ਾ ਕਮੇਟੀ ਦੇ ਮੈਂਬਰ ਸਨ। ਦੱਸ ਦਈਏ ਕਿ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ (ਪੀ.ਐਮ.ਸੀ.) ਬੈਂਕ ਵਿਚ ਘੁਟਾਲਾ ਹੋਣ ਦੀ ਖਬਰ ਤੋਂ ਬਾਅਦ ਇਸ ਦੇ ਤਿੰਨ ਖਾਤਾ ਧਾਰਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਨਾਲ ਦੋ ਖਾਤਾਧਾਰਕ ਸੰਜੇ ਗੁਲਾਟੀ ਅਤੇ ਫੱਤੋਮਲ ਪੰਜਾਬੀ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ। ਉਥੇ ਹੀ 39 ਸਾਲਾ ਖਾਤਾਧਾਰਕ ਅਤੇ ਡਾਕਟਰ ਨੇ ਵਰਸੋਵਾ ਇਲਾਕੇ ਵਿਚ ਆਪਣੇ ਘਰ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਹਾਲਾਂਕਿ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਨਹੀਂ ਲੱਗਦਾ ਕਿ ਇਸ ਖੁਦਕੁਸ਼ੀ ਦਾ ਸਬੰਧ ਪੀ.ਐਮ.ਸੀ. ਬੈਂਕ ਦੇ ਸੰਕਟ ਅਤੇ ਹਜ਼ਾਰਾਂ ਜਮਾਕਰਤਾਵਾਂ 'ਤੇ ਆਈ ਵਿੱਤੀ ਪ੍ਰੇਸ਼ਾਨੀ ਨਾਲ ਹੈ। ਘੁਟਾਲੇ ਸਾਹਮਣੇ ਆਉਣ ਤੋਂ ਬਾਅਦ ਤੋਂ ਜਮਾਕਰਤਾ ਆਪਣੇ ਬੈਂਕ ਤੋਂ ਧਨ ਨਹੀਂ ਕੱਢ ਪਾ ਰਹੇ ਹਨ ਕਿਉਂਕਿ ਬੈਂਕ ਦੀ ਸਥਿਤੀ ਨੂੰ ਦੇਖਦੇ ਹੋਏ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਹਨ।

ਅਜਿਹੇ ਵਿਚ ਜਮਾਕਰਤਾ ਦਿੱਲੀ ਦੀ ਅਦਾਲਤ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਪੀ.ਐਮ.ਸੀ. ਬੈੰਕ ਫਿਲਹਾਲ ਰਿਜ਼ਰਵ ਬੈਂਕ ਵਲੋਂ ਨਿਯੁਕਤ ਪ੍ਰਸ਼ਾਸਕ ਦੇ ਅਧੀਨ ਕੰਮ ਕਰ ਰਿਹਾ ਹੈ। ਬੈਂਕ ਦੇ ਸਾਬਕਾ ਪ੍ਰਬੰਧਕਾਂ ਦੀ ਪੁਲਸ ਦੀ ਆਰਥਿਕ ਅਪਰਾਧ ਬਰਾਂਚ ਜਾਂਚ ਕਰ ਰਹੀ ਹੈ। 


author

Sunny Mehra

Content Editor

Related News