ਬੇਟੀ ਨੂੰ ਨਾਜਾਇਜ਼ ਢੰਗ ਨਾਲ ਠੇਕਾ ਦੇਣ ਲਈ ਸਕਸੈਨਾ ਨੂੰ ਬਰਖ਼ਾਸਤ ਕਰਨ ਪ੍ਰਧਾਨ ਮੰਤਰੀ : ‘ਆਪ’
Saturday, Sep 03, 2022 - 01:56 PM (IST)
ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਾਇਆ ਹੈ ਕਿ ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ ਨੇ ਖਾਦੀ ਵਿਕਾਸ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ (ਕੇ. ਵੀ. ਆਈ. ਐੱਸ.) ਦੇ ਚੇਅਰਮੈਨ ਅਹੁਦੇ ’ਤੇ ਰਹਿੰਦਿਆਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਇਕ ਖਾਦੀ ਲੌਂਜ ਦੇ ਅੰਦਰੂਨੀ ਡਿਜ਼ਾਈਨ (ਇੰਟੀਰੀਅਰ ਡਿਜ਼ਾਈਨਿੰਗ) ਦਾ ਠੇਕਾ ਆਪਣੀ ਬੇਟੀ ਨੂੰ ਦਿੱਤਾ। ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਕਸੈਨਾ ਨੂੰ ‘ਤੁਰੰਤ’ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
‘ਆਪ’ ਦੇ ਕੌਮੀ ਬੁਲਾਰੇ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੰਗ ਕੀਤੀ ਕਿ ਕਾਨੂੰਨ ਦੀ ਉਲੰਘਣਾ ਕਰ ਕੇ ਆਪਣੀ ਧੀ ਨੂੰ ਕਥਿਤ ਤੌਰ ’ਤੇ ਠੇਕਾ ਦੇਣ ਲਈ ਸਕਸੈਨਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪ੍ਰਧਾਨ ਮੰਤਰੀ ਨੂੰ ਦਿੱਲੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਸਕਸੈਨਾ ਨੂੰ ਤੁਰੰਤ ਬਰਖ਼ਾਸਤ ਕਰਨਾ ਚਾਹੀਦਾ ਹੈ ਅਤੇ ਆਪਣੀ ਬੇਟੀ ਨੂੰ ਗੈਰ-ਕਾਨੂੰਨੀ ਢੰਗ ਨਾਲ ਠੇਕਾ ਦੇਣ ਲਈ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।