ਭਲਕੇ ਜੰਮੂ-ਕਸ਼ਮੀਰ ਦੌਰੇ ’ਤੇ PM ਮੋਦੀ, 20 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
Saturday, Apr 23, 2022 - 02:18 PM (IST)
 
            
            ਨਵੀਂ ਦਿੱਲੀ/ਜੰਮੂ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ ਕਿ ਭਲਕੇ ਜੰਮੂ-ਕਸ਼ਮੀਰ ਦੌਰੇ ’ਤੇ ਜਾਣਗੇ, ਜਿੱਥੇ ਉਹ 20,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ’ਚ ਬਨਿਹਾਲ-ਕਾਜੀਗੁੰਡ ਸੜਕ ਸੁਰੰਗ ਦਾ ਉਦਘਾਟਨ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਇਕ ਬਿਆਨ ’ਚ ਕਿਹਾ ਕਿ ਮੋਦੀ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਸਮਾਰੋਹ ’ਚ ਹਿੱਸਾ ਲੈਣ ਅਤੇ ਦੇਸ਼ ਭਰ ਦੀ ‘ਗ੍ਰਾਮ ਸਭਾਵਾਂ’ ਨੂੰ ਸੰਬੋਧਿਤ ਕਰਨ ਲਈ ਉੱਥੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਦੇ ਜੰਮੂ-ਕਸ਼ਮੀਰ ਦੌਰੇ ’ਤੇ ਬਿਆਨ ’ਚ ਪੀ. ਐੱਮ. ਓ. ਨੇ ਕਿਹਾ ਕਿ ਸਰਕਾਰ ਸੰਵਿਧਾਨਕ ਸੁਧਾਰਾਂ ਤੋਂ ਬਾਅਦ ਸ਼ਾਸਨ ’ਚ ਸੁਧਾਰ ਅਤੇ ਖੇਤਰ ਦੇ ਲੋਕਾਂ ਲਈ ਜੀਵਨ ’ਚ ਸੌਖ ਵਧਾਉਣ ਲਈ ਵਿਆਪਕ ਸੁਧਾਰ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਪ੍ਰਧਾਨ ਮੰਤਰੀ ਵਲੋਂ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਾਂ ਨੀਂਹ ਪੱਥਰ ਰੱਖਿਆ ਜਾਵੇਗਾ, ਉਹ ਬੁਨਿਆਦੀ ਸਹੂਲਤਾਂ ਨੂੰ ਸੁਵਿਧਾਜਨਕ ਬਣਾਉਣ, ਆਵਾਜਾਈ ’ਚ ਸੌਖ ਅਤੇ ਖੇਤਰ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਕਰਨ ਦਾ ਕੰਮ ਕਰਨਗੇ। ਮੋਦੀ 3100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੀ ਬਨਿਹਾਲ-ਕਾਜੀਕੁੰਡ ਸੜਕ ਸੁਰੰਗ ਦਾ ਉਦਘਾਟਨ ਕਰਨਗੇ। ਸੁਰੰਗ ਜੰਮੂ-ਕਸ਼ਮੀਰ ਵਿਚਾਲੇ ਹਰ ਮੌਸਮ ’ਚ ਸੰਪਰਕ ਸਥਾਪਤ ਕਰਨ ਅਤੇ ਦੋਹਾਂ ਖੇਤਰਾਂ ਨੂੰ ਨੇੜੇ ਲਿਆਉਣ ’ਚ ਮਦਦ ਕਰੇਗੀ।
ਪ੍ਰਧਾਨ ਮੰਤਰੀ ਮੋਦੀ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ-ਵੇਅ ਦੇ ਤਿੰਨ ਰੋਡ ਪੈਕੇਜ ਦਾ ਵੀ ਨੀਂਹ ਪੱਥਰ ਰੱਖਣਗੇ, ਜਿਸ ’ਤੇ ਕਰੀਬ 7500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਮੋਦੀ ਪੰਚਾਇਤਾਂ ਨੂੰ ਪੁਰਸਕਾਰ ਰਾਸ਼ੀ ਵੀ ਦੇਣਗੇ ਜੋ ਵੱਖ-ਵੱਖ ਸ਼੍ਰੇਣੀਆਂ ’ਚ ਦਿੱਤੇ ਗਏ ਪੁਰਸਕਾਰਾਂ ਦੇ ਜੇਤੂ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            