ਹੱਦਬੰਦੀ ’ਤੇ ਤਾਮਿਲਨਾਡੂ ਦੇ ਖਦਸ਼ਿਆਂ ਨੂੰ ਦੂਰ ਕਰਨ PM ਮੋਦੀ : ਸਟਾਲਿਨ
Sunday, Apr 06, 2025 - 08:56 PM (IST)

ਉਧਗਮੰਡਲਮ (ਤਾਮਿਲਨਾਡੂ), (ਅਨਸ)- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਸਤਾਵਿਤ ਹੱਦਬੰਦੀ ਪ੍ਰਕਿਰਿਆ ਨੂੰ ਲੈ ਕੇ ਸੂਬੇ ਦੇ ਲੋਕਾਂ ਦੇ ਖਦਸ਼ਿਆਂ ਨੂੰ ਦੂਰ ਕਰਨਾ ਚਾਹੀਦਾ ਹੈ। ਸਟਾਲਿਨ ਨੇ ਇਥੇ ਇਕ ਪ੍ਰੋਗਰਾਮ ’ਚ ਕਿਹਾ ਕਿ ਪੀ. ਐੱਮ. ਮੋਦੀ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੰਸਦ ’ਚ ਇਕ ਮਤਾ ਪਾਸ ਕੀਤਾ ਜਾਵੇ ਤਾਂ ਜੋ ਤਾਮਿਲਨਾਡੂ ਦੇ ਅਧਿਕਾਰਾਂ ’ਤੇ ਲਗਾਮ ਨਾ ਲੱਗੇ।
ਇਥੇ ਲੋਕਪ੍ਰਿਯ ਸੈਰ-ਸਪਾਟੇ ਵਾਲੀਆਂ ਥਾਵਾਂ ਲਈ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਅਤੇ ਨਵੇਂ ਪ੍ਰਾਜੈਕਟਾਂ ਦਾ ਐਲਾਨ ਕਰਨ ਤੋਂ ਬਾਅਦ ਸਟਾਲਿਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸਤਾਵਿਤ ਹੱਦਬੰਦੀ ਨਾਲ ਜੁਡ਼ੀਆਂ ਚਿੰਤਾਵਾਂ ’ਤੇ ਮੈਮੋਰੰਡਮ ਸੌਂਪਣ ਲਈ ਪ੍ਰਧਾਨ ਮੰਤਰੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ।
ਉਨ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਹੱਦਬੰਦੀ ’ਤੇ ਮੈਮੋਰੰਡੰਮ ਪੇਸ਼ ਕਰਨ ਲਈ ਸਮਾਂ ਮੰਗਿਆ ਹੈ। ਹਾਲਾਂਕਿ ਮੈਂ ਇਸ ਸਰਕਾਰੀ ਸਮਾਗਮ ’ਚ ਭਾਗ ਲੈ ਰਿਹਾ ਹਾਂ, ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਸਭਾ ’ਚ ਭਾਗ ਲੈਣ ’ਚ ਅਸਮਰੱਥਾ ਤੋਂ ਜਾਣੂ ਕਰਾ ਦਿੱਤਾ ਹੈ। ਮੈਂ ਇਸ ਕਾਰਜ (ਮੋਦੀ ਦੀ ਸਭਾ ’ਚ ਸ਼ਾਮਲ ਹੋਣ) ਲਈ ਆਪਣੇ ਮੰਤਰੀਆਂ- ਟੀ ਥੇਨਾਰਸੁ ਅਤੇ ਰਾਜਾ ਕਨੱਪਨ ਨੂੰ ਭੇਜਿਆ ਹੈ। ਇਸ ਸਭਾ ਰਾਹੀਂ ਮੈਂ ਪ੍ਰਧਾਨ ਮੰਤਰੀ ਨੂੰ ਹੱਦਬੰਦੀ ਦੇ ਖਦਸ਼ਿਆਂ ਨੂੰ ਦੂਰ ਕਰਨ ਦੀ ਅਪੀਲ ਕਰਦਾ ਹਾਂ।’’