ਵਾਰਾਣਸੀ ਨੂੰ 12,110 ਕਰੋੜ ਰੁਪਏ ਦੇ 29 ਪ੍ਰਾਜੈਕਟਾਂ ਦੀ ਸੌਗਾਤ
Saturday, Jul 08, 2023 - 12:21 PM (IST)
ਵਾਰਾਣਸੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੱਥੇ ਆਪਣੇ ਸੰਸਦੀ ਹਲਕੇ ਵਾਰਾਣਸੀ ’ਚ 12,110 ਕਰੋੜ ਰੁਪਏ ਤੋਂ ਵੱਧ ਦੇ 29 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ-ਪੱਥਰ ਰੱਖੇ। ਇਕ ਬਿਆਨ ’ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਗੋਰਖਪੁਰ ’ਚ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਵਿਖਾਉਣ ਤੋਂ ਬਾਅਦ ਇੱਥੇ ਪਹੁੰਚੇ ਮੋਦੀ ਨੇ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ।
ਪ੍ਰੋਗਰਾਮ ਦੌਰਾਨ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਸਨ। ਵਾਰਾਣਸੀ ਦੇ ਡਵੀਜ਼ਨਲ ਕਮਿਸ਼ਨਰ ਕੌਸ਼ਲ ਰਾਜ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ’ਚ ਮਣਿਕਰਨਿਕਾ ਘਾਟ ਦੀ ਕਾਇਆ-ਕਲਪ, ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਤਿੰਨ ਰੇਲਵੇ ਓਵਰਬ੍ਰਿਜ, ਕਾਸ਼ੀ ਹਿੰਦੂ ਯੂਨੀਵਰਸਿਟੀ ’ਚ 10 ਮੰਜ਼ਲਾ ਅੰਤਰਰਾਸ਼ਟਰੀ ਹੋਸਟਲ, 96 ਸੜਕਾਂ ਦੀ ਮੁਰੰਮਤ ਅਤੇ ਉਨ੍ਹਾਂ ਦਾ ਨਿਰਮਾਣ ਕਾਰਜ ਸ਼ਾਮਲ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਤਿੰਨ ਰੇਲਵੇ ਲਾਈਨਾਂ ਵੀ ਸਮਰਪਿਤ ਕੀਤੀਆਂ, ਜਿਨ੍ਹਾਂ ਦਾ ਬਿਜਲੀਕਰਨ ਜਾਂ ਦੋਹਰੀਕਰਨ 990 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਗੋਰਖਪੁਰ ’ਚ ਗੀਤਾ ਪ੍ਰੈੱਸ ਦੇ ਸ਼ਤਾਬਦੀ ਸਮਾਰੋਹ ਦੇ ਸਮਾਪਤੀ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਗੀਤਾ ਪ੍ਰੈੱਸ ਨੂੰ ਭਾਰਤ ਦੀ ਇਕਜੁੱਟਤਾ ਨੂੰ ਮਜ਼ਬੂਤ ਕਰਨ ਵਾਲਾ ਅਤੇ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਭਾਵਨਾ ਦੀ ਨੁਮਾਇੰਦਗੀ ਕਰਨ ਵਾਲਾ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੀਤਾ ਪ੍ਰੈੱਸ ਦੁਨੀਆ ਦੀ ਅਜਿਹੀ ਇਕਲੌਤੀ ਪ੍ਰਿੰਟਿੰਗ ਪ੍ਰੈੱਸ ਹੈ, ਜੋ ਸਿਰਫ ਇਕ ਸੰਸਥਾ ਨਹੀਂ, ਸਗੋਂ ਇਕ ਜ਼ਿੰਦਾ ਸ਼ਰਧਾ ਹੈ।
ਮੋਦੀ ਨੇ ਕਿਹਾ ਕਿ ਗੀਤਾ ਪ੍ਰੈੱਸ ਵੱਖ-ਵੱਖ ਭਾਸ਼ਾਵਾਂ ’ਚ ਭਾਰਤ ਦੇ ਮੂਲ ਚਿੰਤਨ ਨੂੰ ਜਨ-ਜਨ ਤੱਕ ਪਹੁੰਚਾਉਂਦੀ ਹੈ। ਗੀਤਾ ਪ੍ਰੈੱਸ ਇਕ ਤਰ੍ਹਾਂ ਨਾਲ ‘ਏਕ ਭਾਰਤ-ਸ੍ਰੇਸ਼ਠ ਭਾਰਤ’ ਦੀ ਭਾਵਨਾ ਦੀ ਨੁਮਾਇੰਦਗੀ ਕਰਦੀ ਹੈ। ਗੀਤਾ ਪ੍ਰੈੱਸ ਵਰਗੀ ਸੰਸਥਾ ਸਿਰਫ ਧਰਮ ਅਤੇ ਕਰਮ ਨਾਲ ਹੀ ਨਹੀਂ ਜੁੜੀ ਹੈ, ਸਗੋਂ ਇਸ ਦਾ ਇਕ ਰਾਸ਼ਟਰੀ ਚਰਿੱਤਰ ਵੀ ਹੈ। ਗੀਤਾ ਪ੍ਰੈੱਸ ਭਾਰਤ ਨੂੰ ਜੋੜਦੀ ਹੈ, ਭਾਰਤ ਦੀ ਇਕਜੁੱਟਤਾ ਨੂੰ ਮਜ਼ਬੂਤ ਕਰਦੀ ਹੈ।