ਬ੍ਰਿਕਸ ਸੰਮੇਲਨ: ਮੋਦੀ ਦਾ ਪਾਕਿਸਤਾਨ 'ਤੇ ਨਿਸ਼ਾਨਾ- ਅੱਤਵਾਦ ਦਾ ਸਾਥ ਦੇਣ ਵਾਲੇ ਦੇਸ਼ਾਂ ਦਾ ਵਿਰੋਧ ਜ਼ਰੂਰੀ

11/17/2020 5:44:57 PM

ਨਵੀਂ ਦਿੱਲੀ— ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12ਵੇਂ ਬ੍ਰਿਕਸ ਸੰਮੇਲਨ 'ਚ ਹਿੱਸਾ ਲਿਆ। ਕੋਰੋਨਾ ਲਾਗ ਦੀ ਵਜ੍ਹਾ ਕਰ ਕੇ ਇਹ ਸੰਮੇਲਨ ਵਰਚੂਅਲ ਆਯੋਜਿਤ ਕੀਤਾ ਗਿਆ। ਬ੍ਰਿਕਸ ਸੰਮੇਲਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਜ਼ਰੀਏ ਸੰਬੋਧਿਤ ਕੀਤਾ। ਉਨ੍ਹਾਂ ਆਪਣੇ ਸੰਬੋਧਨ 'ਚ ਆਖਿਆ ਕਿ ਯੂ. ਐੱਨ. ਐੱਸ. ਸੀ, ਡਬਲਿਊ. ਐੱਚ. ਓ., ਆਈ. ਐੱਮ. ਐੱਫ. ਵਰਗੀਆਂ ਸੰਸਥਾਵਾਂ ਦਾ ਸਮੇਂ ਨਾਲ ਬਦਲਾਅ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਾਅਦ ਬ੍ਰਿਕਸ ਦੀ ਭੂਮਿਕਾ ਅਹਿਮ ਹੈ। ਸਾਡਾ ਵੈਕਸੀਨ ਉਤਪਾਦਨ ਮਨੁੱਖਤਾ ਦੇ ਹਿੱਤ ਵਿਚ ਹੈ। ਅਸੀਂ 150 ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਭੇਜੀਆਂ ਹਨ। 

ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਅੱਤਵਾਦ ਦੁਨੀਆ ਦੀ ਸਭ ਤੋਂ ਵੱਡੀ ਸਮੱਸਿਆ ਹੈ। ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦਾ ਵਿਰੋਧ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 2021 ਵਿਚ ਬ੍ਰਿਕਸ ਦੇ 15 ਸਾਲ ਪੂਰੇ ਹੋ ਜਾਣਗੇ। ਸਾਲ 2021 'ਚ ਆਪਣੀ ਪ੍ਰਧਾਨਗੀ ਦੌਰਾਨ ਅਸੀਂ ਬ੍ਰਿਕਸ ਦੇ ਤਿੰਨੋਂ ਸੰਤਭਾਂ ਅੰਤਰ-ਬ੍ਰਿਕਸ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ 12ਵੇਂ ਬ੍ਰਿਕਸ ਸੰਮੇਲਨ 'ਚ ਪੀ. ਐੱਮ. ਮੋਦੀ ਨੇ ਜਿੱਥੇ ਇਕ ਪਾਸੇ ਰੂਸੀ ਰਾਸ਼ਟਰਪਤੀ ਪੁਤਿਨ ਦੀ ਤਾਰੀਫ਼ ਕੀਤੀ, ਤਾਂ ਦੂਜੇ ਪਾਸੇ ਚੀਨੀ ਰਾਸ਼ਟਰਪਤੀ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ਤੋਂ ਇਲਾਵਾ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ ਨੂੰ ਬਿਨਾਂ ਨਾਂ ਲਏ ਲਤਾੜ ਲਾਈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ ਤੋਂ ਬਾਅਦ ਗਲੋਬਲ ਰਿਕਵਰੀ 'ਚ ਬ੍ਰਿਕਸ ਦੀ ਅਹਿਮ ਭੂਮਿਕਾ ਹੋਵੇਗੀ। ਸਾਡੇ ਦਰਮਿਆਨ ਦੁਨੀਆ ਦੀ 42 ਫ਼ੀਸਦੀ ਤੋਂ ਵਧੇਰੇ ਆਬਾਦੀ ਬਸਤੀ ਹੈ। ਸਾਡੇ ਦੇਸ਼ ਗਲੋਬਲ ਇਕੋਨਾਮੀ ਦੇ ਮੁੱਖ ਇੰਜਣ ਵਿਚੋਂ ਹਨ। ਬ੍ਰਿਕਸ ਦੇਸ਼ਾਂ ਵਿਚ ਆਪਸੀ ਵਪਾਰ ਵਧਾਉਣ ਦੀ ਵਧੇਰੇ ਗੁੰਜਾਇਸ਼ ਹੈ। ਭਾਰਤ ਵਿਚ ਅਸੀਂ ਆਤਮ ਨਿਰਭਰ ਭਾਰਤ ਤਹਿਤ ਇਕ ਵਿਆਪਕ ਸੁਧਾਰ ਦੀ ਸ਼ੁਰੂਆਤ ਕੀਤੀ ਹੈ। ਇਹ ਮੁਹਿੰਮ ਇਸ ਵਿਸ਼ੇ 'ਤੇ ਆਧਾਰਿਤ ਹੈ ਕਿ ਇਕ ਆਤਮ ਨਿਰਭਰ ਭਾਰਤ ਪੋਸਟ ਕੋਵਿਡ ਅਰਥਵਿਵਸਥਾ ਲਈ ਫੋਰਸ ਮਲਟੀਪਲਾਇਰ ਹੋ ਸਕਦਾ ਹੈ ਅਤੇ ਮੁੱਲ ਪਰਿਵਰਤਨ ਲਈ ਮਜ਼ਬੂਤ ਯੋਗਦਾਨ ਦੇ ਸਕਦਾ ਹੈ।


Tanu

Content Editor

Related News