ਵਿਰੋਧੀ ਧਿਰ ਆਪਣੇ ਪੈਰਾਂ ’ਤੇ ਖੁਦ ਹੀ ਕੁਹਾੜੀ ਮਾਰਨ ’ਚ ਮਾਹਰ ਹੈ : ਮੋਦੀ
Tuesday, Aug 05, 2025 - 10:03 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾਧਿਰ ਰਾਸ਼ਟਰੀ ਜਨਤੰਤਰਿਕ ਗੱਠਜੋੜ (ਰਾਜਗ) ਦੇ ਸੰਸਦੀ ਦਲ ਦੀ ਮੰਗਲਵਾਰ ਦੀ ਬੈਠਕ ’ਚ ‘ਆਪ੍ਰੇਸ਼ਨ ਸਿੰਧੂਰ’ ਨੂੰ ਲੈ ਕੇ ਵਿਰੋਧੀ ਧਿਰ ਦੇ ਰਵੱਈਏ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਵਿਰੋਧੀ ਧਿਰ ਖੁਦ ਹੀ ਆਪਣੇ ਪੈਰਾਂ ’ਤੇ ਕੁਹਾੜੀ ਮਾਰਨ ’ਚ ਮਾਹਰ ਹੈ।
ਸੰਸਦ ਭਵਨ ਕੰਪਲੈਕਸ ’ਚ ਮੰਗਲਵਾਰ ਨੂੰ ਆਯੋਜਿਤ ਇਸ ਬੈਠਕ ’ਚ ‘ਆਪ੍ਰੇਸ਼ਨ ਸਿੰਧੂਰ’ ਅਤੇ ‘ਆਪ੍ਰੇਸ਼ਨ ਮਹਾਦੇਵ’ ਦੀ ਸਫਲਤਾ ਲਈ ਮੋਦੀ ਦਾ ਸਵਾਗਤ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਫੁੱਲਾਂ ਦਾ ਹਾਰ ਪਹਿਨਾਇਆ ਅਤੇ ਸੰਸਦ ਮੈਂਬਰਾਂ ਨੇ ‘ਹਰ-ਹਰ ਮਹਾਦੇਵ’, ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ। ਇਸ ਬੈਠਕ ਲਈ ਮੀਡੀਆ ਨੂੰ ਸੱਦਾ ਨਹੀਂ ਮਿਲਿਆ ਸੀ।
ਰਾਜਗ ਦੇ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਬੈਠਕ ਦੌਰਾਨ ਕਿਹਾ, “ਸੰਸਦ ’ਚ ‘ਆਪ੍ਰੇਸ਼ਨ ਸਿੰਧੂਰ’ ’ਤੇ ਚਰਚਾ ਦੀ ਮੰਗ ਕਰ ਕੇ ਵਿਰੋਧੀ ਧਿਰ ਨੇ ਗਲਤੀ ਕੀਤੀ। ਇਸ ਨਾਲ ਉਨ੍ਹਾਂ ਦੀ ਹੀ ਦੁਰਦਸ਼ਾ ਹੋਈ ਹੈ। ਵਿਰੋਧੀ ਧਿਰ ਆਪਣੇ ਪੈਰ ’ਤੇ ਖੁਦ ਕੁਹਾੜੀ ਮਾਰਨ ’ਚ ਮਾਹਰ ਹੈ। ਵਿਰੋਧੀ ਧਿਰ ਰੋਜ਼ ਅਜਿਹੀਆਂ ਚਰਚਾਵਾਂ ਕਰਵਾਏ, ਅਸੀਂ ਇਸ ਫੀਲਡ ’ਚ ਮਾਹਰ ਹਾਂ।”
ਮੋਦੀ ਨੇ ਬਿਨਾਂ ਨਾਂ ਲਏ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਹ ਬਚਕਾਨੀਆਂ ਗੱਲਾਂ ਕਰਦੇ ਹਨ, ਲੋਕ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਨ।