PM ਨਰਿੰਦਰ ਮੋਦੀ ਦਾ ਫੋਕਸ 2024 ਦੀਆਂ ਲੋਕ ਸਭਾ ਚੋਣਾਂ ’ਤੇ

Saturday, Nov 18, 2023 - 11:29 AM (IST)

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੀ ਕਿਸਮਤ ਚਮਕਾਉਣ ਲਈ 5 ਵਿਚੋਂ 4 ਚੋਣਾਂ ਵਾਲੇ ਸੂਬਿਆਂ ਵਿਚ ਇਕ ਤੋਂ ਬਾਅਦ ਇਕ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਪਰ ਉਨ੍ਹਾਂ ਇਨ੍ਹਾਂ ਰੈਲੀਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਨਾਲ ਜੋੜਨ ਤੋਂ ਗੁਰੇਜ਼ ਨਹੀਂ ਕੀਤਾ। ਉਹ ਕਬਾਇਲੀ ਅਤੇ ਹੋਰ ਵਰਗਾਂ ਨੂੰ ਲੁਭਾਉਣ ਲਈ ਗੈਰ-ਚੋਣ ਵਾਲੇ ਸੂਬਿਆਂ ਦਾ ਦੌਰਾ ਕਰ ਰਹੇ ਹਨ।

ਸਿਆਸੀ ਮਾਹਰ ਇਸ ਗੱਲ ਤੋਂ ਹੈਰਾਨ ਹਨ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਹਾਲ ਹੀ ਵਿਚ ਅਚਾਨਕ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵਿਰੁੱਧ ਚੁੱਪ ਧਾਰ ਲਈ। ਇਹ ਇਸ ਤੱਥ ਦੇ ਬਾਵਜੂਦ ਹੈ ਕਿ ਸੋਰੇਨ ਨੂੰ ਈ. ਡੀ. ਵਲੋਂ ਜਾਰੀ ਕੀਤੇ ਗਏ ਕਈ ਸੰਮਨਾਂ ਦੇ ਖਿਲਾਫ ਅਦਾਲਤਾਂ ਤੋਂ ਕੋਈ ਰਾਹਤ ਨਹੀਂ ਮਿਲੀ ਅਤੇ ਉਮੀਦ ਸੀ ਕਿ ਸੋਰੇਨ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਪਰ ਈ. ਡੀ. ਨੇ ਚੁੱਪ ਰਹਿਣ ਦਾ ਬਦਲ ਚੁਣਿਆ ਅਤੇ ਕਈ ਹਫ਼ਤਿਆਂ ਤੱਕ ਕਿਸੇ ਨੂੰ ਵੀ ਇਸ ਮਾਮਲੇ ਬਾਰੇ ਪਤਾ ਨਹੀਂ ਚੱਲਿਆ। 

ਭਾਜਪਾ ਲੀਡਰਸ਼ਿਪ ਵੀ ਉਸ ’ਤੇ ਓਨੀ ਜ਼ੁਬਾਨੀ ਹਮਲਾ ਨਹੀਂ ਕਰ ਰਹੀ ਜਿੰਨੀ ਪਹਿਲਾਂ ਕਰਦੀ ਸੀ। ਉਨ੍ਹਾਂ ਦੇ ਕੱਟੜ ਭਾਜਪਾ ਮੁਕਾਬਲੇਬਾਜ਼ ਅਤੇ ਸਾਬਕਾ ਮੁੱਖ ਮੰਤਰੀ ਰਘੁਬਰ ਦਾਸ ਨੂੰ ਓਡਿਸ਼ਾ ਦੇ ਰਾਜਪਾਲ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਕੀ ਝਾਰਖੰਡ ਵਿਚ ਕੁਝ ਪੱਕ ਰਿਹਾ ਹੈ? ਅਜਿਹਾ ਲੱਗਦਾ ਹੈ ਕਿ ਭਾਜਪਾ ਉਨ੍ਹਾਂ ਸੂਬਿਆਂ ਨੂੰ ਮਜ਼ਬੂਤ ​​ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ ਜਿੱਥੇ ਉਹ ਸੱਤਾ ’ਚ ਨਹੀਂ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਝਾਰਖੰਡ ਦੇ ਦੌਰੇ ਦੌਰਾਨ ਉਨ੍ਹਾਂ ਨੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਕੀਤੀ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਇਕ ਡੂੰਘੀ ਖੇਡ ਖੇਡੀ ਜਾ ਰਹੀ ਹੈ।

ਆਪ੍ਰੇਸ਼ਨ ਮਹਾਰਾਸ਼ਟਰ ਵੀ ਉਸੇ ਰਣਨੀਤੀ ਦਾ ਹਿੱਸਾ ਸੀ ਜਿੱਥੇ ਭਾਜਪਾ 2024 ਵਿਚ ਆਪਣੇ ਲੋਕ ਸਭਾ ਪ੍ਰਦਰਸ਼ਨ ਨੂੰ ਦੁਹਰਾਉਣ ਬਾਰੇ ਚਿੰਤਤ ਸੀ। ਕਰਨਾਟਕ ਵਿਚ ਵੀ ਆਪ੍ਰੇਸ਼ਨ ਚੱਲ ਰਿਹਾ ਹੈ ਅਤੇ ਇਹ ਵੀ ਉਸੇ ਰਣਨੀਤੀ ਦਾ ਇਕ ਹਿੱਸਾ ਹੈ। ਭਾਜਪਾ ਨੇ ਹੁਣ ਲੋਕ ਸਭਾ ਚੋਣਾਂ ’ਚ ਸਾਰੀਆਂ 28 ਲੋਕ ਸਭਾਂ ਸੀਟਾਂ ਜਿੱਤਣ ਲਈ ਜਨਤਾ ਦਲ (ਐੱਸ) ਦੇ ਨੇਤਾ ਐੱਚ. ਡੀ. ਦੇਵਗੌੜਾ ਨਾਲ ਗੱਠਜੋੜ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਇਸੇ ਕਾਰਨ ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਮੈਂਬਰ ਡੀ. ਵੀ. ਸਦਾਨੰਦ ਗੌੜਾ ਨੂੰ ਸਿਆਸਤ ਛੱਡਣ ਦਾ ਐਲਾਨ ਕਰਨਾ ਪਿਆ। ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਆਪਣੇ 2019 ਦੇ ਪ੍ਰਦਰਸ਼ਨ ਨੂੰ ਦੁਹਰਾਉਣ ਲਈ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ’ਤੇ ਭਰੋਸਾ ਕਰਨ ਦਾ ਫੈਸਲਾ ਕੀਤਾ ਹੈ।


Tanu

Content Editor

Related News